ਧੁੱਪ ਛਡਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ, ਵੀਤਨਾਮ ਤੇ ਹਰ ਹੱਕ ਦੇ ਸੰਗਰਾਮ ਵਿਚ
ਮੇਰਾ ਲਹੂ ਆਬਾਦ ਹੈ-
ਤੇ ਇਹ-ਲਿੰਕਨ ਦੇ ਕਾਤਲ
ਮੁੜ ਹਬਸ਼ੀਆਂ ਦਾ ਵਿਉਪਾਰ ਕਰਨ ਤੁਰੇ ਹਨ।
ਇਨ੍ਹਾਂ ਦੀ ਮੌਤ ਇਨ੍ਹਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ।
ਵਾਸ਼ਿੰਗਟਨ !
ਇਨ੍ਹਾਂ ਨੂੰ ਗਊਆਂ ਮਣਸਾ ਕੇ ਭੇਜ…
7. ਮੇਰੀ ਮਾਂ ਦੀਆਂ ਅੱਖਾਂ
ਜਦ ਇਕ ਕੁੜੀ ਨੇ ਮੈਨੂੰ ਕਿਹਾ,
ਮੈਂ ਬਹੁਤ ਸੋਹਣਾ ਹਾਂ।
ਤਾਂ ਮੈਨੂੰ ਉਹਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ।
ਮੇਰੇ ਭਾਣੇ ਤਾਂ ਉਹ ਸੋਹਣੇ ਸਨ
ਮੇਰੇ ਪਿੰਡ ਵਿਚ ਜੋ ਵੋਟ ਫੇਰੀ ਤੇ,
ਜਾਂ ਉਦਘਾਟਨ ਦੀ ਰਸਮ ਤੇ ਆਉਂਦੇ ਹਨ।
ਇਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋਅ ਮਿਲੀ
ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ…
ਮੈਂ ਉਸ ਦਿਨ ਪਿੰਡ ਛੱਡ ਦਿੱਤਾ,
ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ
ਤਾਂ ਫੇਰ ਸੋਹਣੇ ਹੋਰ ਹਨ…
ਸ਼ਹਿਰਾਂ ਵਿਚ ਮੈਂ ਥਾਂ ਥਾਂ ਕੋਝ ਦੇਖਿਆ,
ਪ੍ਰਕਾਸ਼ਨਾਂ ਵਿਚ, ਕੈਫਿਆਂ ਵਿਚ।
ਦਫਤਰਾਂ ਤੇ ਥਾਣਿਆਂ ਵਿਚ
ਅਤੇ ਮੈਂ ਦੇਖਿਆ, ਇਹ ਕੋਝ ਦੀ ਨਦੀ
ਦਿੱਲੀ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ।
ਅਤੇ ਉਸ ਗੋਲ ਪਰਬਤ ਵਿਚ ਸੁਰਾਖ ਕਰਨ ਲਈ
ਮੈਂ ਕੋਝ ਵਿਚ ਵੜਿਆ,
ਕੋਝ ਸੰਗ ਲੜਿਆ,
ਤੇ ਕਈ ਲਹੂ ਲੁਹਾਨ ਵਰ੍ਹਿਆਂ ਕੋਲੋਂ ਲੰਘਿਆ।
ਤੇ ਹੁਣ ਮੈਂ ਚਿਹਰੇ ਉਤੇ ਯੁੱਧ ਦੇ ਨਿਸ਼ਾਨ ਲੈ ਕੇ,
ਦੋ ਘੜੀ ਲਈ ਪਿੰਡ ਆਇਆ ਹਾਂ।
ਤੇ ਉਹੀਓ ਚਾਲੀਆਂ ਵਰ੍ਹਿਆਂ ਦੀ ਕੁੜੀ,
ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ।
ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲਗਦਾ ਹੈ।
8. ਹਰ ਬੋਲ 'ਤੇ ਮਰਦਾ ਰਹੀਂ
ਜਦੋਂ ਮੈਂ ਜਨਮਿਆ
ਤਾਂ ਜਿਉਣ ਦੀ ਸੌਂਹ ਖਾ ਕੇ ਜੰਮਿਆ
ਤੇ ਹਰ ਵਾਰ ਜਦੋਂ ਮੈਂ ਤਿਲਕ ਕੇ ਡਿਗਿਆ,
ਮੇਰੀ ਮਾਂ ਲਾਹਨਤਾਂ ਪਾਂਦੀ ਰਹੀ।
ਕੋਈ ਸਾਹਿਬਾਂ ਮੇਰੇ ਕਾਇਦੇ ਤੇ ਗ਼ਲਤ ਪੜ੍ਹਦੀ ਰਹੀ,