ਨਾਟਕ ਦਾ ਪਿਛੋਕੜ
(1950 ਦੀ ਭੂਮਿਕਾ)
ਪਿੰਡ ਵਿਚੋਂ ਜਦੋਂ ਕੋਈ ਕੁੜੀ ਦੌੜਦੀ ਤਾਂ ਸਾਰੇ ਰੌਲਾ ਪੈ ਜਾਂਦਾ। ਤੀਵੀਆ ਕੋਠਿਆਂ ਉੱਤੇ ਚੜ੍ਹ ਕੇ ਹਾਕਾਂ ਮਾਰਦੀਆਂ। ਅਜੀਬ ਸਨਸਨੀ ਛਾ ਜਾਂਦੀ। ਅਕਸਰ ਕਿਸੇ ਕਤਲ ਜਾਂ ਕੁੜੀ ਦੇ ਦੌੜਨ ਉੱਤੇ ਇਹੋ ਜਿਹਾ ਵਾਯੂ ਮੰਡਲ ਉਸਰਦਾ।
ਮਰਾਸੀਆਂ ਦੀ ਕੁੜੀ ਬੈਣੋ ਬਹੁਤ ਸੁਹਣੀ ਸੀ । ਲੰਮੀ ਲੱਝੀ ਛਮਕ ਵਰਗੀ। ਉਹ ਦੁਪਹਿਰੇ ਟੋਭੇ ਉਤੇ ਕਪੜੇ ਧੋਣ ਜਾਂਦੀ ਤਾਂ ਝਿਊਰਾਂ ਦੀ ਜੰਨਤ ਵੀ ਉਸ ਦੇ ਨਾਲ ਹੁੰਦੀ। ਪਿੰਡ ਦੀਆਂ ਤੀਵੀਆਂ ਉਹਨਾਂ ਉੱਤੇ ਨਜ਼ਰ ਰੱਖਦੀਆਂ। ਫਿਰ ਬੈਣੋ ਕਿਸੇ ਨਾਲ ਦੌੜ ਗਈ।
ਕਾਕੂ ਲੁਹਾਰ ਦੀ ਬੀਵੀ ਉੱਨੀ ਸਾਲ ਗ੍ਰਹਿਸਥੀ ਨਿਭਾ ਕੇ ਘਰੋਂ ਨਿਕਲ ਗਈ ਸੀ। ਮੈਂ ਨਿੱਕਾ ਹੁੰਦਾ ਕਾਕੂ ਲਹਾਰ ਦੀ ਭੱਠੀ ਤੇ ਜਾਂਦਾ ਤੇ ਉਸ ਦੀ ਬੀਵੀ ਨੂੰ ਸਾਣ ਦਾ ਪਟਾ ਖਿਚਦੇ ਦੇਖਦਾ। ਕਾਕੂ ਕੁਹਾੜੀਆ ਗੰਡਾਸੇ ਤੇਜ ਕਰਦਾ ਤਾਂ ਮੈਂ ਇਹਨਾਂ ਦੇ ਉਡਦੇ ਹੋਏ ਚੰਗਿਆੜੇ ਫੜਦਾ।
ਮੈਨੂੰ ਉਸ ਦੀ ਬੀਵੀ ਦੇ ਦੌੜ ਜਾਣ ਦਾ ਵਾਕਿਆ ਬਹੁਤ ਦੇਰ ਤੀਕ ਯਾਦ ਰਿਹਾ। ਬੈਣੋ ਤੇ ਕਾਕੂ ਦੀ ਬੀਵੀ ਦੋਵੇਂ ਮੈਨੂੰ ਚੰਗੀਆਂ ਲਗਦੀਆਂ ਸਨ। ਉਹ ਮੈਨੂੰ ਹੀਰ ਤੇ ਸਾਹਿਬਾ ਵਰਗੀਆਂ ਹੀ ਲਗਦੀਆਂ ਸਨ ਜਿਨ੍ਹਾਂ ਦੇ ਕਿੱਸੇ ਕਵੀਸ਼ਰ ਗਾਉਂਦੇ ਹੁੰਦੇ ਸਨ।
1944 ਵਿਚ ਮੈਂ ਲੋਹਾ ਕੁੱਟ ਦਾ ਪਲਾਟ ਘੜਿਆ ਤੇ ਸੋਢੀ ਜੁਗਿੰਦਰ ਸਿੰਘ (ਸੁਰਿੰਦਰ ਕੌਰ ਦੇ ਪਤੀ) ਨੂੰ ਸੁਣਾਇਆ। ਉਹ ਸਾਈਕਾਲੋਜੀ ਦੀ ਐਮ.ਏ. ਕਰ ਰਿਹਾ ਸੀ। ਉਸ ਨੂੰ ਇਸ ਪਲਾਟ ਦਾ ਮਨੋਵਿਗਿਆਨਕ ਪੱਖ ਤੇ ਮਾਂ ਧੀ ਦੀ ਈਰਖਾ ਤੇ ਪਿਆਰ ਦੇ ਵਿਰੋਧਾ-ਭਾਸ਼ੀ ਰਿਸ਼ਤੇ ਚੰਗੇ ਲਗੇ । ਮੈਂ ਨਾਟਕ ਲਿਖਣਾ ਸ਼ੁਰੂ ਕੀਤਾ।
ਇਸ ਦਾ ਇਕ ਸੀਨ ਮੈਂ ਮੁਰਾਦਾਬਾਦ ਦੇ ਪਲੇਟਫਾਰਮ ਉੱਤੇ ਗੱਡੀ ਨੂੰ ਉਡੀਕਦੇ ਰਾਤ ਨੂੰ ਲਿਖਿਆ। ਮੇਰੇ ਕੋਲ ਦੀ ਇੰਜਣ ਧੂੰਆਂ ਛਡਦਾ ਤੇ ਮੱਚੇ ਹੋਏ ਕੋਲੇ ਕੇਰਦਾ ਨਿਕਲ ਜਾਂਦਾ। ਨਾਟਕ ਵਿਚ ਭੱਠੀ ਦੇ ਕੋਲੇ ਤੇ ਧੂੰਏਂ ਦਾ ਵਾਤਾਵਰਣ ਸ਼ਾਇਦ ਉਸ ਇੰਜਣ ਦੇ ਧੂੰਏ ਤੇ ਮਘਦੇ ਕੋਲਿਆਂ ਦਾ ਨਤੀਜਾ ਸੀ।
ਅਗਸਤ 1944 ਵਿਚ ਮੈਂ ਨਾਟਕ ਖਤਮ ਕੀਤਾ। ਪ੍ਰੀਤ ਨਗਰ ਵਿਚ ਸੋਢੀ ਜੁਗਿੰਦਰ ਸਿੰਘ ਤੇ ਦੋ ਭੈਣਾਂ ਆਗਿਆ ਕੌਰ ਤੇ ਸੰਪੂਰਣ ਕੌਰ ਨੂੰ ਸੁਣਾਇਆ। ਉਹ ਦੋਵੇਂ ਮੇਰੇ ਨਾਟਕਾਂ ਵਿਚ ਅਕਸਰ ਮਾਂ ਤੇ ਧੀ ਦਾ ਪਾਰਟ ਕਰਦੀਆਂ ਸਨ। ਫੈਸਲਾ ਕੀਤਾ ਕਿ ਇਹ ਨਾਟਕ ਸਟੇਜ ਕੀਤਾ ਜਾਵੇ।
ਮੈਂ ਨਾਟਕ ਦਾ ਖਰੜਾ ਸ: ਗੁਰਬਖਸ ਸਿੰਘ ਪ੍ਰੀਤਲੜੀ ਨੂੰ ਦਿਤਾ ਕਿ ਉਹ ਮਿਹਰਬਾਨੀ ਕਰਕੇ ਇਸਨੂੰ ਪੜ੍ਹ ਲੈਣ ਤੇ ਜੇ ਹੋ ਸਕੇ ਤਾਂ ਇਸਦਾ ਮੁਖ-ਬੰਦ ਲਿਖ ਦੇਣ।
ਖਰੜਾ ਉਹਨਾਂ ਕੋਲ ਕਈ ਹਫ਼ਤੇ ਪਿਆ ਰਿਹਾ। ਕਈ ਵਾਰ ਨਵਤੇਜ ਤੋਂ ਪਤਾ ਕੀਤਾ। ਅਖੀਰ ਉਨ੍ਹਾਂ ਨੇ ਖਰੜਾ ਵਾਪਿਸ ਕਰ ਦਿੱਤਾ ਇਹ ਆਖ ਕੇ ਕਿ ਇਹ ਨਾਟਕ ਸਦਾਚਾਰਕ ਤੇ ਸਾਹਿਤਕ ਪੱਖ ਤੋਂ ਠੀਕ ਨਹੀਂ।
ਉਸ ਪਿਛੋਂ ਮੈਂ ਕਦੇ ਕਿਸੇ ਨੂੰ ਮੁਖ-ਬੰਦ ਲਿਖਣ ਲਈ ਨਾ ਆਖਿਆ।