ਮੈਨੂੰ ਦਸੰਬਰ 1994 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਾਣ ਦਾ ਮੌਕਾ ਮਿਲਿਆ। ਪ੍ਰੋ. ਤੇਜਵੰਤ ਸਿੰਘ ਗਿੱਲ ਦੇ ਘਰ ਡਿਨਰ ਪਾਰਟੀ ਸੀ । ਇਹ ਇਕ ਤਰ੍ਹਾਂ ਦੀ ਸਾਹਿਤਕ ਗੋਸ਼ਟੀ ਸੀ ਜਿਸ ਵਿਚ ਗੁਰਬਖਸ਼ ਸਿੰਘ ਫਰੈਂਕ, ਮਨਜੀਤਪਾਲ ਕੌਰ, ਗੁਰਉਪਦੇਸ਼ ਸਿੰਘ ਵੀ ਸ਼ਾਮਿਲ ਸਨ।
ਗੱਲਾਂ ਸਾਹਿਤ ਬਾਰੇ ਛਿੜੀਆਂ ਤਾਂ 'ਲੋਹਾ ਕੁਟ’ ਉਤੇ ਬਹਿਸ ਹੋਣ ਲੱਗੀ। ਤੇਜਵੰਤ ਨੇ ਭਖਦੀ ਬਹਿਸ ਵਿਚ ਆਖਿਆ, "ਮੈਨੂੰ ਤੁਹਾਡਾ ਉਨੀ ਸੌ ਚੁਤਾਲੀ ਦਾ ਨਾਟਕ ਜ਼ਿਆਦਾ ਪਸੰਦ ਹੈ। ਇਸ ਵਿਚ ਉਸ ਸਮੇਂ ਦੀਆਂ ਸਮਾਜਕ ਹਕੀਕਤਾਂ ਹਨ ਜੋ ਸ਼ਰਾਬ ਪੀਂਦੇ ਤੇ ਰੋਟੀ ਖਾਂਦੇ ਕਾਕੂ ਦੇ ਦੋਸਤ ਯੱਕੜ ਮਾਰਦੇ ਹੋਏ ਬੋਲਦੇ ਹਨ।" ਬਾਕੀ ਦੇ ਤਿੰਨੇ ਆਲੋਚਕ ਵੀ ਇਸੇ ਗਲ ਦੇ ਹਾਮੀ ਸਨ ਕਿ ਮੈਂ ਨਾਟਕ ਦੇ ਸਮਾਜਕ ਤੇ ਸਿਆਸੀ ਹਾਲਾਤ ਨੂੰ ਬਦਲ ਕੇ ਨਵੇਂ ਐਡੀਸ਼ਨਾਂ ਵਿਚ ਨਵੀਆਂ ਗੱਲਾਂ ਨਾ ਪਾਵਾਂ। ਇਸ ਨਾਲ ਨਾਟਕੀ ਸਿਖਰਾਂ ਦਾ ਪ੍ਰਸਪਰ ਰਿਸ਼ਤਾ ਤੇ ਸਮਾਜਕ ਯਥਾਰਥ ਖਿੰਡ ਜਾਂਦੇ ਹਨ।
ਮੈਂ ਖ਼ੁਦ ਇਹਨਾਂ ਲੀਹਾਂ ਉਤੇ ਹੀ ਨਾਟਕ ਨੂੰ ਸੋਧਣ ਬਾਰੇ ਸੋਚ ਰਿਹਾ ਸਾਂ। ਇਹਨਾਂ ਆਲੋਚਕਾਂ ਨੇ ਮੇਰੇ ਅਨੁਭਵ ਦੀ ਪੁਸ਼ਟੀ ਕੀਤੀ। ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹਨਾਂ ਦੀ ਅਲੋਚਨਾ ਵਿਚ ਨਿੱਘ ਸੀ ਤੇ ਵਿਸ਼ਲੇਸ਼ਣਾਤਮਕ ਚਮਕ।
ਮੈਂ ਨਾਟਕ ਨੂੰ 1944 ਦੇ ਕਾਲ-ਪਿਛੋਕੜ ਵਿਚ ਰਖ ਕੇ ਪਹਿਲੇ ਐਡੀਸ਼ਨ ਦੇ ਆਧਾਰ ਉਤੇ ਸੋਧਿਆ ਹੈ। ਪੂਰੇ ਪਚਵੰਜਾ ਸਾਲ ਹੋ ਗਏ ਹਨ ਇਸ ਨਾਟਕ ਨੂੰ ਲਿਖਿਆਂ ਤੇ ਹੁਣ ਤੀਕ ਇਹ ਮੰਚ-ਪ੍ਰਦਰਸ਼ਨ ਸਬੰਧੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਮੈਂ ਆਪਣੇ ਸ਼ਿਸ਼-ਮਿੱਤਰ ਬਖਸ਼ੀਸ਼ ਸਿੰਘ ਦਾ ਖ਼ਾਸ ਤੌਰ ਤੇ ਰਿਣੀ ਹਾਂ ਜੋ ਪਿਛਲੇ ਛੱਬੀ ਸਾਲ ਤੋਂ ਮੇਰੀ ਹਰ ਰਚਨਾ ਨਾਲ ਜੁੜਿਆ ਹੋਇਆ ਹੈ ਅਤੇ ਜਿਸ ਦੀ ਸੰਵੇਦਨਸ਼ੀਲਤਾ ਨੇ ਮੇਰੀਆਂ ਰਚਨਾਵਾਂ ਵਿਚ ਕਲਾਤਮਕ ਸ਼ਕਤੀ ਭਰੀ। ਮੇਰਾ ਵਿਸ਼ਵਾਸ ਹੈ ਕਿ ਇਸ ਨਾਟਕ ਨੂੰ ਖੇਡਣ ਨਾਲ ਕਲਾਕਾਰ ਇਸ ਦੇ ਸੋਧੇ ਹੋਏ ਰੂਪ ਦਾ ਜ਼ਿਆਦਾ ਆਨੰਦ ਮਾਣਨਗੇ। ਮੇਰੇ ਆਲੋਚਕ ਇਸ ਦੇ ਸਾਹਿਤਕ ਰੂਪ ਨੂੰ, ਅਤੇ ਬਿੰਬਾਂ, ਚਿੱਤਰਾਂ ਤੇ ਵਾਰਤਾਲਾਪ ਨੂੰ ਸੁਚੇਤ ਕਲਾ ਦਾ ਨਤੀਜਾ ਸਮਝਣਗੇ।
ਸਤੰਬਰ 1998 ਬਲਵੰਤ ਗਾਰਗੀ
ਪੰਜਾਬੀ ਯੂਨੀਵਰਸਿਟੀ
ਪਟਿਆਲਾ।