ਪਹਿਲਾ ਅੰਕ
ਧਨਵੰਤੀ ਤੇ ਉਹਦੇ ਪਹਾੜਾਂ ਦੇ ਨਾਂ
(ਚਾਨਣੀ ਰਾਤ ਦੇ ਅੰਤਿਮ ਪਹਿਰ,
ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ
ਨੇੜੇ ਇਕ ਸੰਘਣੇ ਵਣ ਵਿਚ ਬੈਠੇ
ਪ੍ਰੇਮ ਕਰ ਰਹੇ ਹਨ)
ਨਟੀ
ਇਹ ਕਵਣ ਸੁ ਦੇਸ ਸੁਹਾਵੜਾ
ਤੇ ਕਵਣ ਸੁ ਇਹ ਦਰਿਆ
ਜੋ ਰਾਤ ਨਮੇਘੀ ਚੰਨ ਦੀ
ਵਿਚ ਦੂਰੋਂ ਡਲ੍ਹਕ ਰਿਹਾ
ਕਈ ਵਿੰਗ-ਵਲੇਵੇਂ ਮਾਰਦਾ
ਕੋਈ ਅੱਗ ਦਾ ਸੱਪ ਜਿਹਾ
ਜੋ ਕੱਢ ਦੁਸਾਂਘੀ ਜੀਭ ਨੂੰ
ਵਾਦੀ ਵਿਚ ਸੂਕ ਰਿਹਾ
ਸੂਤਰਧਾਰ
ਇਹ ਦੇਸ ਸੁ ਚੰਬਾ ਸੋਹਣੀਏਂ
ਇਹ ਰਾਵੀ ਸੁ ਦਰਿਆ
ਜੋ ਐਰਾਵਤੀ ਕਹਾਂਵਦੀ
ਵਿਚ ਦੇਵ-ਲੋਕ ਦੇ ਜਾ
ਇਹ ਧੀ ਹੈ ਪਾਂਗੀ ਰਿਸ਼ੀ ਦੀ