ਤੇ ਕੋਸੀ ਨੀਝ ਲੱਗਾ
ਜਿਉਂ ਦੁੱਧ ਪਿਆਉਂਦੀ ਬਾਲ
ਨੂੰ ਹਰ ਮਾਂ ਜਾਵੇ ਨਸ਼ਿਆ
ਸੂਤਰਧਾਰ
ਇਹ ਰੁੱਖ ਜੋ ਅਮਲਤਾਸ ਦੇ
ਪੀਲੀ ਮਾਰਨ ਭਾ
ਇਉਂ ਜਾਪਨ ਗਗਨ ਕੁਠਾਲੀਏ
ਜਿਉਂ ਸੋਨਾ ਪਿਘਲ ਰਿਹਾ
ਜਾਂ ਧਰਤ-ਕੁੜੀ ਦੇ ਕੰਨ ਦਾ
ਇਕ ਬੂੰਦਾ ਡਿੱਗ ਪਿਆ
ਵਾਹ ਨੀ ਧਰਤ ਸੁਹਾਵੀਏ
ਤੈਨੂੰ ਚੜਿਆ ਰੂਪ ਕਿਹਾ
ਨਟੀ
ਇਉਂ ਜਾਪੇ ਇਸ ਦੇ ਬਾਬਲੇ
ਇਹਦੇ ਦਿੱਤੇ ਕਾਜ ਰਚਾ
ਤੇ ਮੱਤੀ ਮੁਸ਼ਕ ਅੰਬੀਰ ਹਵਾ
ਇਹਦੇ ਦਿੱਤੇ ਗੌਣ ਬਿਠਾ
ਨਦੀਆਂ ਆਈਆਂ ਗੌਣ ਨੂੰ
ਪਰਬਤ ਰੇੜਾ ਲਾ
ਚਾਨਣੀਆਂ ਜਿਉ ਤਲੀ 'ਤੇ
ਹਨ ਰਹੀਆਂ ਮਹਿੰਦੀ ਲਾ
ਸਿਰ 'ਤੇ ਚੁੰਨੀ ਅੰਬਰੀ
ਚੰਨ ਕਲੀਰਾ ਪਾ
ਸੂਤਰਧਾਰ
ਪਰ ਹਾਏ ਨੀ ਧਰਤ ਸੁਹਾਵੀਏ
ਤੂੰ ਲਏ ਕੀਹ ਲੇਖ ਲਿਖਾ