"ਜਿੱਥੋਂ ਤੱਕ ਮੇਰਾ ਸੰਬੰਧ ਏ, ਮੈਂ ਤਾਂ ਤੁਹਾਡੇ ਹੀ ਆਸਰੇ ਹਾਂ। ਇਹ ਅਸੀਂ ਸਾਰੇ ਹੀ ਮੰਨਦੇ ਹਾਂ ਕਿ ਡੋਗਰਿਆਂ ਦਾ ਨਾਸ਼ ਹੋਣਾ ਚਾਹੀਦਾ ਹੈ। ਪਰ ਇਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ। ਕੀ ਮਹਾਰਾਜਾ ਸ਼ੇਰ ਸਿੰਘ ਨਾਲ ਤੁਹਾਡੀ ਸੁਲ੍ਹਾ ਨਹੀਂ ਹੋ ਸਕਦੀ ?" ਜਿੰਦਾਂ ਨੇ ਲਹਿਣਾ ਸਿੰਘ ਦੇ ਦਿਲ ਦੀ ਹਾਥ ਲੈਣ ਵਾਸਤੇ ਸਵਾਲ ਕੀਤਾ।
"ਓਸ ਕੁਲ-ਘਾਤੀ ਨਾਲ ਕਿਵੇਂ ਸੁਲ੍ਹਾ ਹੋ ਸਕਦੀ ਏ ? ਉਹ ਮਹਾਰਾਜਾ ਨਹੀਂ, ਕੁਲ-ਮਾਰ ਰਾਕਸ਼ ਏ।" ਲਹਿਣਾ ਸਿੰਘ ਦੇ ਦਿਲ ਵਿੱਚ ਸ਼ੇਰ ਸਿੰਘ ਵਾਸਤੇ ਕਹਿਰਾਂ ਦੀ ਨਫ਼ਰਤ ਭਰੀ ਹੋਈ ਸੀ। "ਪਹਿਲੇ ਉਹਨੇ ਕੰਵਰ ਨੌਨਿਹਾਲ ਸਿੰਘ ਦੀ ਰਾਣੀ ਬੀਬੀ ਨਾਨਕੀ ਨਾਲ ਧਰੋਹ ਕੀਤਾ। ਉਹਨੂੰ ਜ਼ਹਿਰ ਦੇ ਕੇ, ਉਸ ਦੇ ਬੱਚੇ ਦੀ ਜਨਮ ਤੋਂ ਪਹਿਲਾਂ ਹੀ ਜਾਨ ਲੈ ਲਈ। ਕੀ ਇਹ ਜੁੱਗੋਂ ਬਾਹਰਾ ਅਨਰਥ ਨਹੀਂ ? ਫਿਰ ਮਹਾਰਾਣੀ ਚੰਦ ਕੌਰ ਨੂੰ ਗੋਲੀਆਂ ਹੱਥੋਂ ਮਰਵਾ ਦਿੱਤਾ ਤੇ ਸਾਡੇ ਨਾਲ ਵੀ ਕਿਹੜੀ ਉਹਨੇ ਘੱਟ ਕੀਤੀ ਸੀ। ਏਸੇ ਦੁਸ਼ਟ ਡੋਗਰੇ ਦੇ ਆਖੇ ਲੱਗ ਕੇ, ਸਾਡੇ ਘਰ ਢਾਹ ਕੇ ਉੱਤੇ ਗਧਿਆਂ ਦੇ ਹਲ ਚਲਾਏ ਗਏ। ਕੈਦ ਦਾ ਐਨਾ ਦੁੱਖ ਨਹੀਂ, ਪਰ ਏਸ ਨਿਰਾਦਰੀ ਨੂੰ ਅਸੀਂ ਕਿਵੇਂ ਭੁੱਲ ਸਕਦੇ ਆਂ ? ਸੋ, ਸ਼ੇਰ ਸਿੰਘ ਦੇ ਦਿਨ ਤਾਂ ਹੁਣ ਥੋੜ੍ਹੇ ਹੀ ਨੇ। ਸਾਡੇ ਹੱਥੋਂ ਬਚ ਜਾਏਗਾ, ਤਾਂ ਉਹ ਡੋਗਰਿਆਂ ਹੱਥੋਂ ਮਾਰਿਆ ਜਾਏਗਾ।"
"ਖ਼ੈਰ, ਏਸ ਮਸਲੇ ’ਤੇ ਮੈਂ ਵਧੇਰੇ ਬਹਿਸ ਨਹੀਂ ਕਰਦੀ। ਆਪ ਮੇਰੇ ਬਜ਼ੁਰਗਾਂ ਤੁੱਲ ਹੈ। ਜੋ ਆਪ ਕਰੋਗੇ, ਠੀਕ ਹੀ ਕਰੋਗੇ। ਦਲੀਪ ਸਿੰਘ ਬਾਰੇ ਗੱਲ ਸੋਚਣ ਵਾਲੀ ਹੈ।" ਜਿੰਦਾਂ ਨੇ ਇਸ ਮਸਲੇ ਬਾਰੇ ਵੀ ਲਹਿਣਾ ਸਿੰਘ ਦੇ ਵਿਚਾਰ ਜਾਨਣੇ ਜ਼ਰੂਰੀ ਸਮਝੇ।
“ਦੱਸੋ।"
"ਮਹਾਰਾਜ ਦੇ ਹੋਰ ਸ਼ਾਹਜ਼ਾਦੇ ਵੀ ਹਨ। ਦਲੀਪ ਸਿੰਘ ਸਾਰਿਆਂ ਤੋਂ ਛੋਟਾ ਏ। ਤੁਹਾਡੀ ਸਹਾਇਤਾ ਨਾਲ ਇਹ ਤਖ਼ਤ 'ਤੇ ਬਹਿ ਤਾਂ ਜਾਏਗਾ ਪਰ ਕੀ ਦੂਜੇ ਸ਼ਾਹਜ਼ਾਦੇ ਇਸਦਾ ਵਿਰੋਧ ਨਹੀਂ ਕਰਨਗੇ ?"
"ਬੀਬੀ ਸਾਹਿਬ। ਰਾਜ ਤਾਕਤ ਦਾ ਹੁੰਦਾ ਏ। ਤਖ਼ਤ ਦਾ ਅਸਲੀ ਵਾਰਸ ਉਹ ਹੁੰਦਾ ਏ, ਜਿਸ ਦੇ ਪਿੱਛੇ ਤਾਕਤ ਹੋਵੇ। ਅਸੀਂ ਦਲੀਪ ਸਿੰਘ ਦੇ