ਜਿੰਦਾਂ ਦੀ ਪਾਲਣਾ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ। ਧਾਰਮਿਕ ਵਿੱਦਿਆ ਦੇ ਨਾਲ-ਨਾਲ ਉਹਨੂੰ ਇਤਿਹਾਸ ਤੇ ਕੁਛ ਰਾਜਨੀਤੀ ਦੇ ਗ੍ਰੰਥ ਵੀ ਪੜ੍ਹਾਏ ਗਏ। ਉਹਦੇ ਦਿਲ ਵਿੱਚ ਵੀ ਇਹ ਖ਼ਿਆਲ ਘਰ ਕਰਦਾ ਗਿਆ ਕਿ ਮੈਂ ਸ਼ੇਰੇ-ਪੰਜਾਬ ਦੀ ਰਾਣੀ ਬਣਨਾ ਹੈ।
ਜਿੰਦਾਂ ਅਜੇ ਬਾਲੜੀ ਹੀ ਸੀ, ਜਾਂ ਉਹਦੀ ਵੱਡੀ ਭੈਣ ਦਾ ਵਿਆਹ ਹੋ ਗਿਆ। ਮਿੱਤ ਸਿੰਘ ਭੜਾਣੀਆਂ, ਸ਼ੇਰੇ-ਪੰਜਾਬ ਦੇ ਜਾਗੀਰਦਾਰ ਸਰਦਾਰਾਂ ਵਿੱਚੋਂ ਸੀ। ਉਹਦਾ ਇਕੋ-ਇੱਕ ਪੁੱਤਰ ਜਵਾਲਾ ਸਿੰਘ ਵੀ ਫ਼ੌਜ ਵਿੱਚ ਅਫ਼ਸਰ ਸੀ। ਉਹ ਬੜੀ ਸ਼ਾਨ ਨਾਲ ਪਿੰਡ ਚਾਹੜ ਢੁੱਕੇ। ਜਿੰਦਾਂ ਦੀ ਵੱਡੀ ਭੈਣ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਮਗਰੋਂ ਜਵਾਲਾ ਸਿੰਘ ਸਹੁਰੇ ਜਾਇਆ ਕਰਦਾ, ਤਾਂ ਉਹਦੀ ਚਮਕ-ਦਮਕ ਝੱਲੀ ਨਾ ਜਾਂਦੀ। ਜਿੰਦਾਂ ਦੀ ਭੈਣ ਬੜੇ ਕੀਮਤੀ ਕੱਪੜੇ ਤੇ ਗਹਿਣੇ ਪਾ ਕੇ ਪੇਕੇ ਜਾਂਦੀ। ਉਹਦੇ ਵੱਲੇ ਵੇਖ ਕੇ ਜਿੰਦਾਂ ਦੇ ਦਿਲ ਵਿੱਚ ਖ਼ਿਆਲ ਆਉਂਦਾ, 'ਹੱਛਾ, ਮੈਂ ਇਹਦੇ ਨਾਲੋਂ ਵੀ ਵਧੇਰੇ ਗਹਿਣੇ ਪਾਇਆ ਕਰਾਂਗੀ।'
ਇਕ ਵਾਰ ਜਿੰਦਾਂ ਨੇ ਇਤਿਹਾਸ ਵਿੱਚ ਪੜ੍ਹਿਆ, "ਨੂਰ ਜਹਾਂ, ਬਾਦਸ਼ਾਹ ਜਹਾਂਗੀਰ ਦੀ ਮਨ-ਚਾਹੀ ਬੇਗ਼ਮ ਸੀ। ਬਾਦਸ਼ਾਹ ਨੇ ਸਾਰਾ ਰਾਜ ਕਾਜ ਬੇਗ਼ਮ ਦੇ ਹੱਥ ਸੌਂਪ ਛੱਡਿਆ ਸੀ। ਅਸਲੀ ਅਰਥਾਂ ਵਿੱਚ ਮੁਲਕ ਉੱਤੇ ਨੂਰ ਜਹਾਂ ਹੀ ਰਾਜ ਕਰਦੀ ਸੀ। ਉਹ ਬੜੀ ਸਮਝਦਾਰ ਤੇ ਯੋਗ ਇਸਤਰੀ ਸੀ।”
'ਮੈਂ ਵੀ ਰਾਜ ਕਰਾਂਗੀ।' ਜਿੰਦਾਂ ਦੇ ਦਿਲ ਵਿੱਚ ਖ਼ਿਆਲ ਆਇਆ। 'ਪਰ ਰਾਜ ਕਰਨ ਵਾਸਤੇ ਉਸਦੇ ਯੋਗ ਬਣਨਾ ਜ਼ਰੂਰੀ ਹੈ।' ਉਹਨੇ ਮਨ ਵਿੱਚ ਸੋਚਿਆ। ਉਸ ਦਿਨ ਤੋਂ ਉਹ ਇਤਿਹਾਸ ਤੇ ਰਾਜਨੀਤੀ ਦੇ ਗ੍ਰੰਥਾਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਈ।
ਜਿੰਦਾਂ ਨੇ ਸੁਣਿਆਂ, 'ਸ਼ੇਰੇ-ਪੰਜਾਬ ਦੀਆਂ ਕਈ ਰਾਣੀਆਂ ਹਨ। ਇੱਕ ਦਿਨ ਉਹਨੇ ਆਪਣੀ ਭੈਣ ਨੂੰ ਪੁੱਛਿਆ, "ਭੈਣ! ਮਰਦ ਬਹੁਤੇ ਵਿਆਹ ਕਿਉਂ ਕਰਾਉਂਦੇ ਨੇ ?"