

ਤੇਰੇ ਤੀਕ
ਤੇਰੇ ਤੀਕ ਜੇ ਅਪੜਨ ਦੇ ਨਾਂ ਰਾਹ ਲੰਮੇਰੇ ਹੁੰਦੇ।
ਤੂੰ ਵੀ ਸਾਡਾ ਬਣ ਜਾਂਦਾ ਤੇ ਅਸੀਂ ਵੀ ਤੇਰੇ ਹੁੰਦੇ।
ਤੇਰੇ ਕਰਕੇ ਰੋਜ਼ੇ ਰੱਖਦੇ ਤੇਰੀ ਈਦ ਮਨਾਈਏ,
ਤੂੰ ਸਾਨੂੰ ਜੇ ਚੇਤੇ ਕਰਦਾ, ਕਾਂ ਬਨੇਰੇ ਹੁੰਦੇ।
ਕੈਦੋਂ ਨਾ ਜੇ ਚੁਗਲੀ ਕਰਦਾ ਚੂਰੀ ਵਾਲੇ ਛੰਨੇ ਦੀ,
ਤੂੰ ਵੀ ਸਾਡੇ ਨੇੜੇ ਹੁੰਦਾ ਅਸੀਂ ਵੀ ਨੇੜੇ ਹੁੰਦੇ।
ਇਸ਼ਕ ਦੀ ਰਮਜ਼ ਪਛਾਣ ਲੈਂਦਾ ਜੇ ਤੂੰ ਛੱਡਕੇ ਨਾ ਜਾਂਦਾ,
ਸਾਡੇ ਵੀ ਤਾਂ ਸੱਜਣਾ ਤੇਰੇ ਸ਼ਹਿਰ ਚ ਡੇਰੇ ਹੁੰਦੇ।
ਇਸ਼ਕ ਮੁਹੱਬਤ ਮਿਲ ਜਾਣਾ ਸੀ ਤੇ ਕਿੰਨੀਆਂ ਪਾਕ ਮੁਹੱਬਤ ਰੂਹਾਂ,
ਦੀਨ-ਮਜ਼੍ਹਬ ਦੇ ਜੇ ਦੁਨੀਆ ਵਿੱਚ ਨਾ ਝਗੜੇ-ਝੇੜੇ ਹੁੰਦੇ।