ਦੋਨੋ ਹੀ ਪੰਜਾਬ
ਦੋਨੋ ਹੀ ਪੰਜਾਬ ਜਦੋਂ,
ਵੱਖੋ-ਵੱਖ ਹੋਏ ਸੀ।
ਓਧਰ ਮੇਰੇ ਨਾਨਾ ਨਾਨੀ,
ਏਧਰ ਦਾਦਾ ਦਾਦੀ ਰੋਏ ਸੀ।
ਮੁੱਕ ਜੇ ਕਲੇਸ਼ ਕਿਤੇ,
ਹੱਦਾਂ ਵਿੱਚ ਪੈਂਦੇ ਦਾ।
ਹੋ ਜਾਵੇ ਜੇ ਮੇਲ ਕਿਤੇ ਚੜ੍ਹਦੇ ਤੇ ਲਹਿੰਦੇ ਦਾ।
ਆਹਮੋ ਸਾਹਮਣੇ ਬਾਘੇ ਬਾਡਰ ਤੋਂ,
ਇੱਕ ਦੂਜੇ ਨੂੰ ਕੁਝ ਕਹਿੰਦੀਆਂ ਨੇ।
ਇੱਕ ਗੁਰਮੁਖੀ ਇੱਕ ਸ਼ਾਹਮੁਖੀ,
ਦੋ ਭੈਣਾਂ ਬੈਠੀਆਂ ਰਹਿੰਦੀਆਂ ਨੇ।
ਕੋਈ ਸਮਝੇ ਨਾ ਮੁੱਲ ਪਾਣੀ ਅੱਖੀਆਂ ਚੋਂ ਵਹਿੰਦੇ ਦਾ।
ਹੋ ਜਾਵੇ ਜੇ ਮੇਲ ਕਿਤੇ ਚੜ੍ਹਦੇ ਤੇ ਲਹਿੰਦੇ ਦਾ।
ਆਜ਼ਾਦੀ ਦਾ ਦਿਹਾੜਾ ਜਦੋਂ ਸਾਲ ਬਾਅਦ ਆਉਂਦਾ ਏ।
ਉੱਠ ਉੱਠ ਬਾਪੂ ਮੇਰਾ ਧਾਹਾਂ ਮਾਰ ਰੋਂਦਾ ਏ।
ਬਣਜੇ ਸਹਾਰਾ ਕੋਈ ਡਿੱਗਦੇ ਤੇ ਢਹਿੰਦੇ ਦਾ,
ਹੋ ਜਾਵੇ ਜੇ ਮੇਲ ਕਿਤੇ ਚੜ੍ਹਦੇ ਤੇ ਲਹਿੰਦੇ ਦਾ।