ਸਾਨੂੰ ਜਦ ਇਹ ਪੋਥੀ ਮਿਲੀ ਹੈ ਤਾਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪਹਿਲੀ ਐਡੀਸ਼ਨ ਛਪਕੇ ਤਿਆਰ ਹੋ ਚੁੱਕੀ ਸੀ ਤੇ ਦੂਸਰੀ ਐਡੀਸ਼ਨ ਦੀ ਛਪਾਈ ਸ਼ੁਰੂ ਸੀ। ਜੋ ਛਪਾਈ ਕਿ 1936 ਈ: ਦੇ ਅਖੀਰ ਸਮਾਪਤੀ ਨੂੰ ਪੁੱਜੀ। ਇਸ ਲਈ ਪਹਿਲੀ ਐਡੀਸ਼ਨ ਵਿਚ ਇਹ ਪੋਥੀ ਤੋਂ ਲੋੜੀਂਦਾ ਲਾਭ ਨਹੀਂ ਲਿਆ ਜਾ ਸਕਿਆ ਪਰ ਦੂਜੀ ਐਡੀਸ਼ਨ ਦੇ ਪ੍ਰਕਾਸਨ ਸਮੇਂ ਇਸ ਪੋਥੀ ਦੀਆਂ ਸਾਖੀਆਂ ਨੂੰ ਗੁਰਪ੍ਰਤਾਪ ਸੂਰਜ ਦੀਆਂ ਸਾਖੀਆਂ ਨਾਲ ਮੇਲ ਮੇਲ ਕੇ ਟਾਕਰਾ ਕੀਤਾ ਗਿਆ ਤੇ ਜੋ ਸਾਖੀਆਂ ਸਹੀ ਹੋਈਆਂ ਕਿ ਕਵੀ ਜੀ ਨੇ ਇਸ ਪੋਥੀ ਤੋਂ ਲੈਕੇ ਹੀ ਅਪਣੀ ਕਵਿਤਾ ਵਿਚ ਉਲਥਾਈਆਂ ਹਨ, ਉਨ੍ਹਾਂ ਦਾ ਪਤਾ ਕਵੀ ਜੀ ਦੀ ਰਚਨਾਂ ਦੇ ਹੇਠ ਟੂਕਾਂ ਵਿਚ ਥਾਂ ਪਰ ਥਾਂ ਦੇ ਦਿੱਤਾ ਗਿਆ। ਤੇ ਪ੍ਰਸਤਾਵਨਾਂ ਵਿਚ ਜਿਥੇ ਗੁ: ਪ੍ਰ: ਸੂ: ਗ੍ਰੰਥ ਦੇ ਸੋਮਿਆਂ ਦੀ ਸੂਚੀ ਦਿੱਤੀ ਹੈ ਉਸ ਵਿਚ ਇਸਦਾ ਨਾਮ ਸੰਖਿਪਤ ਟੂਕ ਦੇਕੇ ਵਧਾ ਦਿੱਤਾ ਗਿਆ। ਜੋ ਟੂਕ ਪ੍ਰਸਤਾਵਨਾ ਵਿਚ ਛਪੀ ਹੈ ਉਸਦਾ ਉਤਾਰਾ ਇਹ ਹੈ:-
"ਸਾਖੀਆਂ ਵਾਲੀ ਪੋਥੀ— ਇਸ ਵਿਚ ਨੌਵੇਂ ਅਤੇ ਦਸਵੇਂ ਸਤਿਗੁਰੂ ਜੀ ਦੇ ਮਾਲਵੇ ਦੇ ਸਫਰ ਦੀਆਂ ਸਾਖੀਆਂ ਹਨ, ਰਚਨਾਂ ਮਾਲਵੇ ਦੀ ਹੀ ਹੈ, 'ਸੀ' ਦੀ ਥਾਵੇਂ ‘ਥੀ', 'ਲਾਗੇ' ਯਾ ਨੇੜੇ' ਦੀ ਥਾਂ ‘ਲਾਉਣੇ' ਤੇ 'ਬ' 'ਵ' ਦੀ ਥਾਵੇਂ ਬਹੁਤ ਵਰਤਿਆ ਹੋਇਆ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਪਦ ਇਸ ਨੂੰ ਮਾਲਵੇ ਦੀ ਚੀਜ਼ ਹੀ ਸਿਧ ਕਰਦੇ ਹਨ ਗੁਰੂ ਸਾਹਿਬਾਂ ਦੇ ਮੁਕੰਮਲ ਸਫਰ ਇਸ ਵਿਚ ਨਹੀਂ ਹਨ, ਕੇਵਲ ਰਿਆਸਤ ਪਟਯਾਲਾ, ਜ਼ਿਲਾ ਕਰਨਾਲ ਲਾਗ ਦੇ ਗੁਰ ਅਸਥਾਨਾਂ ਦੀਆਂ ਸਾਖੀਆਂ ਦੇਕੇ ਇਹ ਪੁਸਤਕ ਸਮਾਪਤ ਹੋ ਜਾਂਦੀ ਹੈ।
"ਗੁਰੂ ਸਾਹਿਬਾਨ ਦੇ ਸਫਰਾਂ ਦੀ ਤਰਤੀਬ ਜੋ ਇਸ ਪੁਸਤਕ ਵਿਚ ਹੈ ਉਹੀ ਗੁ: ਪ੍ਰ: ਸੂਰਜ ਗ੍ਰੰਥ ਵਿਚ ਹੈ ਤੇ ਕਈ ਇਕ ਮਾਲਵੇ ਦੇ ਪਦ ਜੋ ਉਸੇ ਸਾਖੀ ਵਿਚ ਇਸ ਪੋਥੀ ਵਿਚ ਆਏ ਹਨ, ਗੁ: ਪ੍ਰ: ਸੂ: ਵਿਚ ਬੀ ਉਸੇ ਪ੍ਰਸੰਗ ਵਿਚ ਆ ਗਏ ਹਨ, ਜਿਸ ਤੋਂ ਸਿਧ ਹੁੰਦਾ ਹੈ ਕਿ ਇਹ ਪੁਸਤਕ ਬੀ ਕਵੀ ਜੀ ਪਾਸ ਹੈਸੀ। ਫਿਰ ਐਨ ੧ ਦੇ ਆਰੰਭ ਤੋਂ ਜਦੋਂ ਦਸਮ ਪਿਤਾ ਜੀ ਦਾ ਮਾਲਵੇ ਦਾ ਸਫਰ ਚਲਦਾ ਹੈ ਤਾਂ ਰੰਚਕ ਭਰ ਭੀ ਸੰਸਾ ਨਹੀਂ ਰਹਿ ਜਾਂਦਾ ਕਿ ਇਹ ਪੋਥੀ ਕਵੀ ਜੀ ਪਾਸ ਜ਼ਰੂਰ ਹੈਸੀ।