

ਫੇਰ ਗੁਰੂ ਜੀ ਕਹਿੰਦੇ:
'ਜਸੀ ਆਇ ਚਲੇ। ਗੁੜ ਖਾਇ ਚਲੇ।'
ਫੇਰ ਕੋਈ ਘੜੀ ਪਿਛੋਂ ਲਬਾਣਾ ਆਇ ਉਤਰਿਆ। ਗੁਰੂ ਜੀ ਨੂੰ ਗੁੜ ਮਥਾ ਟੇਕਿਆ ਤੀਹ ਮਣ। ਓਦੋਂ ਦੇਗ ਨਾਂ ਬਰਤਾਈ, ਗੁੜ ਹੀ ਛਕਾਇਆ ਸਿਖਾਂ ਨੂੰ। ਘੋੜਿਆਂ ਨੂੰ ਭੀ ਨਿਹਾਰੀ ਗੁੜ ਹੀ ਵਰਤਿਆ। ਡੇਰਾ ਦਸ ਦਿਨ ਰਹਿਆ। ਨਗਰੀ ਨੇ, ਹੋਰ ਨਗਰੀਆਂ ਨੇ ਟਹਿਲ ਕੀਤੀ। ਗੁਰੂ ਜੀ ਚੜਨ ਲਗੇ, ਨਗਰੀ ਨੇ ਜਥਾ ਸਕਤ ਸੀ, ਸੋ ਮਥਾ ਟੇਕਿਆ॥੭੬॥
77. ਪੱਕੇ
ਅਗੇ ਡੇਰਾ ਕੂਚ ਕਰਕੇ ਗੁਰੂ ਜੀ ਪੱਕੇ ਡੇਰਾ ਕੀਤਾ। ਜੰਡ ਕੇ ਕੀਲੇ ਕੀਤੇ, ਜੰਡ ਹਰੇ ਹੋਏ। ਘੋੜਾ ਗੁਰੂ ਕਾ ਬੰਧਿਆ ਸੀ। ਹੁਣ ਤੀਕ ਓਥੇ ਮਥਾ ਟੇਕੀਦਾ ਹੈ। ਗੁਰੂ ਜੀ ਦੀ ਮੰਜੀ ਬਣੀ ਹੋਈ ਹੈ ਜੀ। ਜਾਗਾ ਗੁਰੂ ਗੁਰੂ ਜਪੀਦਾ ਹੈ। ਬੋਲੋ ਭਾਈ ਵਾਹਿਗੁਰੂ। ਸਾਖੀ ਹੋਰ ਚਲੀ॥੭੭॥
78. ਦਮ ਦਮੇ। ਡੱਲੇ ਪਾਸ
ਅਗੇ ਗੁਰੂ ਜੀ ਚੜੇ ਦਮਦਮੇ ਜੀ ਆਏ। ਗੁਰੂ ਜੀ ਪ੍ਰਥਮੋ ਗੁਰੂ ਤੇਗ ਬਹਾਦ੍ਰ ਜੀ ਕੇ ਅਸਥਾਨ ਨੂੰ ਮਥਾ ਟੇਕਿਆ। ਫੇਰ ਬਚਨ ਕੀਤਾ, 'ਐਸ ਬਰਮੀ ਨੂੰ ਏਕ ਬਰਾਬਰ ਕਰੋ! ਏਸ ਉਤੇ ਕਮਰ ਕਸਾ ਖੋਲਾਂਗੇ। ' ਤਾਂ ਸਰਬਤ ਖਾਲਸੇ ਨੇ ਤਿਸ ਬਰਮੀ ਉਤੇ ਦਮਦਮਾਂ ਬਣਾਇ ਦਿਤਾ। ਬੜੇ ਬਿਸਤਾਰ ਨਾਲ, ਵਿਚਿ ਗੁਰੂ ਜੀ ਕੇ ਬੈਠਣੇ ਕੀ ਮੰਜੀ ਬਣਾਈ। ਗੁਰੂ ਜੀ ਕਹਿੰਦੇ, 'ਏਹੁ ਤਾਂ ਅਨੰਦਪੁਰ ਕਾ ਦਮਦਮਾ ਹੈ।' ਤਿਸ ਮੰਜੀ ਉਤੇ ਕਮਰ ਖੋਲੀ, ਸ਼ਸਤ੍ਰ ਰਖੇ, ਆਪ ਭੀ ਬੈਠੇ। ਤਾਂ ਸਿਖਾਂ ਬਚਨ ਕੀਤਾ, 'ਜੀ ਸਚੇ ਪਾਤਿਸਾਹਿ! ਆਪ ਨੇ ਜੋ ਪ੍ਰਿਥਮੇ ਮਥਾ ਟੇਕਿਆ ਸੀ, ਓਹ ਕਿਸਦਾ ਅਸਥਾਨ ਹੈ ਜੀ?'
* ਇਹ ਟਿਕਾਣਾ ਬਠਿੰਡੇ ਦੇ ਇਲਾਕੇ ਵਿਚ ਹੈ, ਗੁਰਦੁਆਰਾ ਹੈ। ਸੁ: ਪ੍ਰ: ਨੇ ਇਹ ਤੇ ਅਗਲੀ ਸਾਖੀ ਐਨ ੧ ਦੇ ਅੰਸੂ ੧੯ ਵਿਚ ਦਿੱਤੀ ਹੈ।