

ਗੁਰੂ ਜੀ ਕਹਿੰਦੇ ਰਾਮਾ ਸਿੰਘ, ਤਲੋਕਾ ਸਿੰਘ! ਤੁਮਾਰਾ ਪੈਰੁ ਬਹੁਤ ਚੰਗਾ ਟਿਕ ਜਾਵੇਗਾ। ਤੁਮਾਰਾ ਹੀ ਰਾਜ ਕੁਰਸੀ ਬਕੁਰਸੀ ਰਹੇਗਾ ਦਿਲੀ, ਲਹੌਰ ਕੇ ਬੀਚ।' ਸਾਰੀ ਸੰਗਤਿ ਉਤੇ ਖੁਸੀ ਹੋਈ। ਸਭ ਸੰਗਤ ਨੇ ਮਥਾ ਟੇਕਿਆ। ਰਾਮਾ ਸਿੰਘ ਤਲੋਕਾ ਸਿੰਘ ਨੂੰ ਪੱਗਾਂ ਪੈਨਾਈਆਂ।
ਗੁਰੂ ਜੀ ਕਹਿੰਦੇ: 'ਤੁਮਾਰਾ ਰਾਜੁ ਪਹਾੜਿ ਅਟਕ ਤੀਕੁ ਹੋਵੈਗਾ।' ਘਰਾਂ ਨੂੰ ਮੁੜੇ। ਸਤਿ ਦਿਨ ਗੁਰੂ ਜੀ ਕਾ ਦੀਦਾਰੁ ਕਰਦੇ ਰਹੇ ॥੧੦੩॥
104. ਵੰਗੇਹਰੀਆਂ ਨੂੰ ਬਖਸ਼ੀਸ਼
ਅਗੇ ਸਾਖੀ ਹੋਰ ਚਲੀ।
ਜਦੋਂ ਬਠਿੰਡੇ ਗੁਰੂ ਜੀ ਨੇ ਵੰਗੇਹਰੀਆਂ ਥੋਂ ਮਹਿਆਂ ਸੀ ਮੰਗਾਇਆ, ਓਨੀ ਕਹਿਆ ਸੀ ਮਹਿਆਂ ਮਾਰ ਖੰਡ— ਆਪਿ ਵਿਚਿ ਦੀ ਗਲ ਕਰਕੇ ਦਸੋ! ਜਿਸ ਵੇਲੇ ਸਿਖ ਜਾਣਗੇ ਲਾਉਣੇ, ਤਦੋਂ ਸਿਖਾਂ ਨੂੰ ਮਾਰੂ, ਤਮਾਸਾ ਵੇਖਾਂਗੇ। ਕਹਿਆ ਸਿਖਾਂ ਨੂੰ— ਜੀ ਅਹੁ ਖੜਾ ਹੈ ਮਹਿਆਂ, ਗੁਰੂ ਕਿਆਂ ਨੂੰ ਜੇ ਲੋੜੀਦਾ ਹੈ ਤਾਂ ਲੈ ਜਾਹੁ, ਜੰਡ ਨਾਲ ਖਹਿੰਦਾ ਹੈ ਖੜਾ— । ਜਾਇਕੇ ਸਿਖਾਂ ਹੁਕਿਆ, — ਚਲੁ ਭਾਈ ਦੇਵਤਾ ਤੇਰੀ ਮੁਕਤ ਕਰੀਏ, ਗੁਰੂ ਜੀ ਨੇ ਸਦਿਆ ਹਰਿ— । ਮਹਿਆਂ ਤੁਰ ਪਇਆ। ਫੇਰ ਵੰਗੇਹਰੀਏ ਕਹਿੰਦੇ: 'ਗੁਰੂ ਜੀ ਸਚਾ ਗੁਰੂ ਹੈ। ਏਹੁ ਤਨਖਾਹ ਬਖਸਾਈਏ, ਗੁਰੂ ਜੀ ਤੇ ਚਲਕੇ।' ਦੁਇ ਬੰਦੂਕਾਂ ਲਈਆਂ, ਕੁਹ ਰਸਤ ਲਈ, ਕੁਹਕ ਰੂਪਰਸੁ ਲਇਆ। ਗੁਰੂ ਜੀ ਬੰਦੂਕਾਂ ਉਤੇ ਰੂਪਰਸ ਉਤੇ ਖੁਸੀ ਹੋਏ।
ਜਾਇ ਕਹਿੰਦੇ: ਜੀ, ਅਸੀਂ ਮਹੇਂ ਵਾਲੀ ਗਲ ਕਪਟ ਕੀਤਾ ਸੀ। ਤੁਸੀਂ ਸਾਡਾ ਪੜਦਾ ਢਕਿਆ ਹੈ।' ਗੁਰੂ ਜੀ ਖੁਸੀ ਕੀਤੀ।
ਓਨੀ ਕਹਿਅ: 'ਜੀ, ਰਾਮੇ ਤਲਕੇ ਨੂੰ ਰਾਜੁ ਬਖਸਿਆ ਹੈ; ਸਾਨੂੰ ਭੀ ਕ੍ਰਿਪਾ ਹੋਵੇ।'
ਗੁਰੂ ਜੀ ਕਹਿਆ: 'ਤੁਸੀ ਆਇ ਮਿਲੇ ਹਹੁ। ਤੁਸਾਂ ਪਾਸੋਂ ਕੋਈ ਕਾਲ ਏਤਨੀ ਕੁ ਜਗਾ ਟਿਕੀ ਰਹੇਗੀ, ਜਿਤਨੀ ਕੁ ਹੁਣਿ ਹੈ ॥੧੦੪॥
1. ਨਾਭੇ ਪਟਿਆਲੇ ਦੇ ਵਡਿਆਂ ਨੂੰ ਇਹ ਵਰ ਦਾ ਪ੍ਰਸੰਗ ਕਵੀ ਜੀ ਨੇ ਐਨ ੧ ਅੰਸੂ ੨੯ ਦੇ ਸ਼ੁਰੂ ਵਿਚ ਇਥੋਂ ਹੀ ਲੈਕੇ ਦਿਤਾ ਹੈ। ਤੇ ਅਗਲਾ 'ਵੰਗੇਹਰੀਆਂ ਨੂੰ ਬਖਸੀਸ' ਦਾ ਪ੍ਰਸੰਗ ਬੀ ਇਸੇ ਅੰਸੂ ਵਿਚ ਹੈ।
2. ਲੂਣ ।