ਕਿਆ ਜਾਨਾ ਕਿਆ ਹੋਇਗਾ ਰੀ ਮਾਈ॥
ਹਰਿ ਦਰਸਨ ਬਿਨੁ ਰਹਨੁ ਨ ਜਾਈ॥ ੧॥ ਰਹਾਉ॥
(ਅੰਗ ੩੫੬)
ਦਰਸਨ ਕੀ ਮਨ ਆਸ ਘਨੇਰੀ ਇਕ ਘੜੀ ਦਿਨਸੁ
ਹੇ ਮੇਰੇ ਪਿਆਰੇ ! ਤੇਰੇ ਵਿਛੋੜੇ ਦੀ ਜਿਹੜੀ ਇਕ ਘੜੀ ਹੈ, ਉਹ ਮੈਨੂੰ ਇਕ ਦਿਨ ਜਿੰਨੀ ਲੰਮੀ ਜਾਪਦੀ ਹੈ।
ਮੋ ਕਉ ਬਹੁਤੁ ਦਿਹਾਰੇ॥
ਜਿਹੜਾ ਤੇਰੇ ਵਿਛੋੜੇ ਦਾ ਪੂਰਾ ਦਿਨ ਹੈ, ਉਹ ਮੈਨੂੰ ਕਈਆਂ ਦਿਨਾਂ ਜਿੰਨਾ ਲੰਮਾ ਹੋ ਕੇ ਭਾਸਦਾ ਹੈ।
ਮਨੁ ਨ ਰਹੈ ਕੈਸੇ ਮਿਲਉ ਪਿਆਰੇ॥
(ਅੰਗ ੩੭੪)
ਮੇਰੇ ਮਾਲਕ ! ਤੈਨੂੰ ਦੇਖੇ ਬਿਨਾਂ ਮਨ ਟਿੱਕਦਾ ਨਹੀਂ। ਕੋਈ ਅਜਿਹਾ ਮਹਾਂ ਪੁਰਸ਼ ਮਿਲ ਜਾਏ ਜਿਹੜਾ ਮੈਨੂੰ ਤੇਰੇ ਨਾਲ ਮਿਲਾ ਦੇਵੇ। ਜਿਹੜਾ ਮੈਨੂੰ ਤੇਰੇ ਦਰਸ਼ਨ ਕਰਵਾ ਦੇਵੇ-
ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ॥
(ਅੰਗ ੨੦੪)
ਮੈਂ ਆਪਣਾ ਮਨ, ਤਨ, ਧਨ ਉਸ ਨੂੰ ਸੌਂਪ ਦੇਵਾਂ। ਮੈਂ ਇਕ ਇਕ ਰੋਮ ਉਸ ਤੋਂ ਕੁਰਬਾਨ ਕਰ ਦੇਵਾਂ, ਜਿਹੜਾ ਮੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਵੇ।
ਰਸਤਾ ਤਾਂ ਸਾਰਾ ੩੩-੩੫ ਮੀਲ ਦਾ ਸੀ ਲਾਹੌਰ ਅੰਮ੍ਰਿਤਸਰ ਦਾ। ਰਸਤੇ ਵਿਚ ਇਕ ਬੜੀ ਭਾਰੀ ਦੀਵਾਰ ਖਲੋਤੀ ਹੋਈ ਸੀ। ਪਿਤਾ ਗੁਰੂ ਦਾ ਹੁਕਮ ਇਹ ਸੀ ਕਿ ਬੇਟਾ ! ਜਿੰਨੀ ਦੇਰ ਮੈਂ ਤੈਨੂੰ ਨਾ ਸੱਦਾਂ, ਉੱਨੀ ਦੇਰ ਲਾਹੌਰੋਂ ਆਵੀਂ ਨਾ। ਫਿਰ ਸਾਹਿਬਾਂ ਦੇ ਅੰਦਰ ਦੀ ਤੜਪ, ਸਾਹਿਬਾਂ ਦੇ ਅੰਦਰ ਦੀ ਪਿਆਸ ਉਹ ਇਹਨਾਂ ਅੱਖਰਾਂ ਵਿਚੋਂ ਹਜ਼ਾਰਾਂ ਸੂਰਜਾਂ ਦੀ ਤਰ੍ਹਾਂ ਚਮਕਦੀ ਹੈ- ਐ ਪ੍ਰੀਤਮ !
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ॥
(ਸ਼ਬਦ ਹਜਾਰੇ)