ਦਰਸਨ ਕੀ ਮਨਿ ਆਸ ਘਨੇਰੀ
(ਅੰਗ ੩੭੫)
ਇਹ ਸੀ ਇਕ ਸੱਚੇ ਦਿਲ ਦੀ ਆਵਾਜ਼ ਜਿਹੜੀ ਹਵਾ ਵਿਚ ਰਲ ਗਈ। ਹਵਾ ਰਾਣੀ ਕਾਸਟ ਬਣ ਗਈ। ਸਿਪਾਹੀ ਬਣ ਗਈ। ਸੁਨੇਹੇ ਲੈ ਕੇ ਆਉਣ ਜਾਣ ਵਾਲਾ, ਪੈਗਾਮ ਲੈ ਕੇ ਆਉਣ ਜਾਣ ਵਾਲਾ ਸਿਆਣਾ ਸਿਪਾਹੀ ਬਣ ਗਈ। ਸਾਹਿਬ ਕਹਿੰਦੇ ਹਨ ਕਿ ਸੋਹਣੀ ਚਾਦਰ ਵਿੱਛੀ ਹੋਈ ਹੋਵੇ, ਸੇਜ ਚੰਗੀ ਹੋਵੇ, ਚੰਦਨ ਦੇ ਪਾਵੇ ਹੋਣ, ਚੰਦਨ ਦੀਆਂ ਬਾਹੀਆਂ ਹੋਣ, ਰੇਸ਼ਮ ਦੀ ਨਵਾਰ ਹੋਵੇ, ਠੰਢੇ ਪਾਣੀ ਦੀ ਸੁਰਾਹੀ ਚਾਂਦੀ ਦੇ ਗਿਲਾਸ ਨਾਲ ਢੱਕੀ ਹੋਈ ਹੋਵੇ, ਪੱਖਾ ਝੱਲਣ ਵਾਲਾ ੨੪ ਘੰਟੇ ਸਿਰਹਾਣੇ ਖਲੋਤਾ ਹੋਵੇ।
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ॥
ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ॥
(ਅੰਗ ੧੧੦੨)
ਘਰੋਂ ਤੁਰਨ ਲੱਗਿਆਂ ਮਾਪੇ ਜਿਹੜਾ ਧੀ ਨੂੰ ਵਿਆਹ ਵਾਲਾ ਕੱਪੜਾ ਦਿੰਦੇ ਹਨ, ਉਹ ਸੁਹਾਗ ਦੀ ਨਿਸ਼ਾਨੀ ਹੁੰਦੀ ਹੈ। ਉਹ ਵੀ ਬੱਚੀ ਦੇ ਕੋਲ ਹੋਵੇ, ਸੁਹਾਗ ਜੀਊਂਦਾ ਜਾਗਦਾ ਹੋਵੇ ਤੇ ਹੋਰ ਅਨੇਕ ਕੱਪੜੇ ਹੋਣ, ਟਰੰਕਾਂ ਦੇ ਟਰੰਕ ਭਰੇ ਹੋਏ ਹੋਣ। ਖਾਣ ਪੀਣ ਦੇ ਪਦਾਰਥਾਂ ਦੀ ਕੋਈ ਕਮੀ ਨਾ ਹੋਵੇ। ਘਰ ਵਿਚ ਕਣਕ ਵੀ ਹੋਵੇ। ਕਿਸੇ ਗੱਲ ਦਾ ਕੋਈ ਘਾਟਾ ਨਾ ਹੋਵੇ ਪਰ ਗੁਰੂ ਅਰਜਨ ਦੇਵ ਸੱਚੇ ਪਾਤਿਸ਼ਾਹ ਫੁਰਮਾਂਦੇ ਹਨ ਕਿ ਜੇ ਘਾਟਾ ਹੋਵੇ ਤਾਂ ਕੇਵਲ ਇਕ ਹੀ ਹੋਵੇ ਕਿ ਪਤੀਵਰਤਾ ਇਸਤਰੀ ਦਾ ਪਤੀ ਘਰ ਨਾ ਹੋਵੇ। ਉਹ ਕਿਤੇ ਬਾਹਰ ਪ੍ਰਦੇਸ ਵਿਚ ਗਿਆ ਹੋਵੇ। ਉਸ ਦੇ ਵਿਛੋੜੇ ਵਿਚ ਬਿਹਬਲ ਹੋਈ ਪਤੀਵਰਤਾ ਇਸਤਰੀ ਇਸ ਚੰਗੇ ਘਰ ਨੂੰ, ਭਰੇ ਹੋਏ ਘਰ ਨੂੰ, ਸੋਹਣਿਆਂ ਕੱਪੜਿਆਂ ਨੂੰ, ਸੋਹਣਿਆਂ ਬਿਸਤਰਿਆਂ ਨੂੰ ਕਿਸ ਨਜ਼ਰ ਨਾਲ ਦੇਖਦੀ ਹੈ। ਜੇ ਪਤੀ ਘਰ ਨਹੀਂ ਤਾਂ ਪਤਨੀ ਲਈ ਇਹ ਸਾਰੀਆਂ ਚੀਜ਼ਾਂ ਅੱਗ ਦੇ ਕੋਲੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ-
ਨਾਨਕ ਤਿਨਾ ਬਸੰਤੁ ਹੈ ਜਿਨ ਘਰਿ ਵਸਿਆ ਕੰਤੁ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸ ਫਿਰਹਿ ਜਲੰਤ॥
(ਅੰਗ ੭੯੧)