ਸੁਣ ਲੰਨਾ। ਦੇਖਣਾ ਚਾਹਾਂ ਤਾਂ ਹਨੇਰੇ ਵਿਚ ਦੇਖ ਲੰਨਾ, ਘੁੱਪ ਹਨੇਰੇ ਵਿਚ ਵੀ। ਜਦੋਂ ਮੈਂ ਸੁਣਨਾ ਨਾ ਚਾਹਾਂ ਉਦੋਂ ਇਉਂ ਲਗਦੈ ਜਿਵੇਂ ਮੈਨੂੰ ਕੁਝ ਨੀਂ ਸੁਣਦਾ, ਇਸ ਨਾਲ ਤੁਹਾਨੂੰ ਲੱਗਣ ਲਗਦੇ ਸਭ ਕੁਝ ਠੀਕ ਠਾਕ ਹੈ।
ਜਨਮ ਸਮੇਂ ਜ਼ਰਤੁਸ਼ਤ ਦਾ ਹੱਸਣਾ ! ਇਹ ਤਾਂ ਮਹਿਜ਼ ਸ਼ੁਰੂਆਤ ਸੀ, ਜੀਵਨਭਰ ਉਹ ਹਸਦਾ ਰਿਹਾ। ਉਸਦਾ ਸਾਰਾ ਜੀਵਨ ਹਾਸਾ ਸੀ। ਤਾਂ ਵੀ ਲੋਕ ਉਸ ਨੂੰ ਭੁੱਲ ਗਏ। ਅੰਗਰੇਜ਼ਾਂ ਨੇ ਤਾਂ ਉਸਦਾ ਨਾਮ ਵੀ ਬਦਲ ਦਿੱਤਾ, ਉਸ ਨੂੰ ਜ਼ੋਰਾਸਟਰ ਕਹਿਣ ਲੱਗੇ। ਕੇਹੀ ਲਾਹਨਤ ਹੈ, ਪੂਰੀ ਸ਼ੈਤਾਨੀ ਨੂੰ। ਜ਼ਰਥਸਤ੍ਰ ਲਫਜ਼ ਵਿਚ ਗੁਲਾਬ ਦੀ ਪੱਤੀ ਵਰਗੀ ਨਜ਼ਾਕਤ ਹੈ, ਜੋਰਾਸਟਰ ਲਫਜ਼ ਇਉਂ ਲਗਦੈ ਜਿਵੇਂ ਮਕਾਨਕੀ ਤਬਾਹੀ ਦਾ ਬਿਗਲ ਵੱਜੇ। ਜਦੋ ਜ਼ਰਥਸਤ੍ਰ ਦੀ ਥਾਂ ਉਸ ਦਾ ਨਾਮ ਜ਼ੋਰਾਸ਼ਟਰ ਰੱਖਿਆ, ਉਦੋਂ ਵੀ ਉਹ ਹੱਸਿਆ ਹੋਇਗਾ ਯਕੀਨਨ। ਪਰ ਫਰੈਡਰਿਕ ਨੀਤਸ਼ੇ ਤੋਂ ਪਹਿਲਾਂ ਲੋਕਾਂ ਨੇ ਉਹ ਭੁਲਾ ਦਿੱਤਾ ਸੀ। ਉਸ ਨਾਲ ਇਹੌ ਹੋਣਾ ਸੀ।
ਮੁਸਲਮਾਨਾ ਨੇ ਜ਼ਰਥਸਤ੍ਰ ਦੇ ਮੁਰੀਦਾਂ ਨੂੰ ਜਬਰਨ ਇਸਲਾਮ ਕਬੂਲ ਕਰਨ ਦਾ ਹੁਕਮ ਦਿੱਤਾ। ਥੋੜੇ ਕੁ, ਬਸ ਥੋੜੇ ਜਿਹੇ ਜਾਨਾ ਬਚਾ ਕੇ ਭਾਰਤ ਵਿਚ ਆ ਗਏ, ਹੋਰ ਕਿਥੇ ਜਾਂਦੇ? ਅਜਿਹਾ ਦੇਸ ਸੀ ਭਾਰਤ ਜਿਥੇ ਬਿਨਾ ਕਿਸੇ ਵੀਜੇ ਦੇ, ਬਿਨਾ ਕਿਸੇ ਪ੍ਰਵਾਨਗੀ ਦੇ, ਕੋਈ ਵੀ ਆਰਾਮ ਨਾਲ ਦਾਖਲ ਹੋ ਸਕਦਾ ਸੀ। ਜ਼ਰਥਸਤ੍ਰ ਦੇ ਮੁਠੀ ਭਰ ਸਿੱਖ, ਮੁਸਲਮਾਨ ਕਾਤਲਾਂ ਤੋਂ ਬਚ ਕੇ ਆਏ। ਭਾਰਤ ਵਿਚ ਬਹੁਤੇ ਪਾਰਸੀ ਨਹੀਂ, ਲੱਖ ਕੁ ਹੋਣਗੇ ਬਸ। ਸਿਰਫ ਭਾਰਤ ਵਿਚ, ਨਹੀਂ ਨਹੀਂ ਕੇਵਲ ਇਕ ਸ਼ਹਿਰ ਮੁੰਬਈ ਵਿਚ ਵਸਦੇ ਲੱਖ ਪਾਰਸੀਆਂ ਦੇ ਧਰਮ ਬਾਰੇ ਜਾਣਨ ਦੀ ਕਿਸ ਨੂੰ ਪ੍ਰਵਾਹ? ਉਹ ਆਪ ਹੀ ਜ਼ਰਤੁਸ਼ਤ ਨੂੰ ਭੁਲ ਗਏ ਹਨ। ਜਿਨ੍ਹਾਂ ਹਿੰਦੂਆਂ ਵਿਚ ਉਨ੍ਹਾਂ ਰਹਿਣੇ, ਉਨ੍ਹਾਂ ਨਾਲ ਰਾਜ਼ੀਨਾਵਾਂ ਕਰ ਲਿਆ। ਖੂਹ ਤੋਂ ਬਚਦੇ ਬਚਾਂਦੇ ਖਾਤੇ ਵਿਚ ਜਾ ਡਿਗੇ, ਖਾਤਾ, ਖੂਹ ਨਾਲੋਂ ਵੀ ਡੂੰਘਾ। ਇਕ ਪਾਸੇ ਖੂਹ ਦੂਜੇ ਪਾਸੇ ਖਾਤਾ। ਖੂਹ ਅਤੇ ਖਾਤੇ ਦੇ ਵਿਚਕਾਰੋਂ ਇਕ ਹੋਰ ਰਸਤਾ ਲੰਘਦਾ ਹੈ, ਬੁੱਧ ਉਸ ਨੂੰ ਮੱਧਮਾਰਗ ਆਖਦਾ ਹੈ। ਇਹ ਰਸਤਾ ਐਨ ਵਿਚਕਾਰ ਹੈ, ਜਿਵੇਂ ਬਾਜ਼ੀਗਰ ਦਾ ਰੱਸਾ, ਇਸ ਰੱਸੇ ਉਪਰ ਤੁਰਦਿਆਂ ਪਾਰ ਲੰਘਣਾ ਹੈ।
ਜ਼ਰਤੁਸ਼ਤ ਨੂੰ ਵਾਪਸ ਆਧੁਨਿਕ ਜਹਾਨ ਵਿਚ ਲਿਆਉਣਾ ਨੀਤਸ਼ੇ ਦਾ ਵੱਡਾ ਕੰਮ ਹੈ। ਉਸ ਦਾ ਮੰਦਭਾਗਾ ਕੰਮ ਐਡਾਲਫ ਹਿਟਲਰ ਹੋਇਆ। ਚੰਗੇ ਮਾੜੇ ਨੀਤਸ਼ੇ ਨੇ ਦੋਵੇਂ ਕੰਮ ਕੀਤੇ। ਤਾਂ ਵੀ ਹਿਟਲਰ ਲਈ ਨੀਤਸ਼ੇ ਜ਼ਿਮੇਵਾਰ ਨਹੀਂ। ਨੀਤਸ਼ੇ ਵਲੋ ਸਿਰਜਿਆ ਮਹਾਂ-ਮਾਨਵ ਹਿਟਲਰ ਨੂੰ ਸਮਝ ਨਹੀਂ ਆਇਆ। ਇਸ ਵਿਚ ਨੀਤਸ਼ੇ ਦਾ ਕੀ ਕਸੂਰ? ਮੇਰੀ ਗੱਲ ਜੇ ਤੁਹਾਨੂੰ ਸਮਝ ਨੀਂ ਆਉਂਦੀ ਤਾਂ ਮੈਂ ਕੀ ਕਰਾਂ? ਗਲਤ ਸਮਝਣ ਦੀ ਤੁਹਾਨੂੰ ਆਜ਼ਾਦੀ ਹੈ। ਹਿਟਲਰ ਮੰਦਬੁਧ ਬੱਚਾ ਸੀ, ਕਰੂਪ। ਉਹਦਾ ਚਿਹਰਾ ਚਿਤਾਰੋ, ਨਿਕੀਆਂ ਮੁੱਛਾਂ, ਖੌਫਜ਼ਦਾ ਅੱਖਾਂ ਜਿਹੜੀਆਂ ਤੁਹਾਨੂੰ ਵੀ ਭੈਭੀਤ ਕਰ ਦੇਣ ਤੇ ਤਣਿਆ ਹੋਇਆ ਮੱਥਾ।