ਤੇਰੇ ਨਾਂ ਦੇ ਅੱਖਰ
ਵੱਖ ਹੋਏ ਕੁੱਝ ਫੈਸਲੇ ਤੇਰੇ, ਕੁੱਝ ਮਜ਼ਹਬ ਦੇ ਚੱਕਰ ਵਿੱਚ,
ਮੇਰੀ ਸਾਰੀ ਜਿੰਦ ਗੁਆਚੀ, ਤੇਰੇ ਨਾਂ ਦੇ ਅੱਖਰ ਵਿੱਚ।
ਦਾਮਨ ਮੇਰੇ ਪੀੜਾਂ ਰੋਂਦੀਆਂ, ਦੁੱਖਾਂ ਹਾਹਾਕਾਰ ਮਚਾਈ,
ਹਾਸੇ ਸਾਰੇ ਗੁੰਮ ਗਏ ਮੇਰੇ, ਤੇਰੇ ਨਾਂ ਦੇ ਅੱਖਰ ਵਿੱਚ।
ਕਿੰਨੇ ਅਰਸੇ ਸੋਚਣ ਮਗਰੋਂ, ਲਿਖੀ ਮੈਂ ਆਪਣੀ ਦਾਸਤਾਨ,
ਪੂਰੀ ਆ ਕੇ ਵਿੱਚ ਸਮਾ ਗਈ, ਤੇਰੇ ਨਾਂ ਦੇ ਅੱਖਰ ਵਿੱਚ।
ਕੁੱਝ ਤਾਂ ਹੋਣਾ ਨਜ਼ਰ ਤੇਰੀ ਕੋ, ਇਲਮ ਚਿੱਟਾ ਜਾਂ ਕਾਲਾ,
ਐਵੇਂ ਤਾਂ ਨਈਂ ਰੂਹ ਕੁਮਲਾਈ, ਤੇਰੇ ਨਾਂ ਦੇ ਅੱਖਰ ਵਿੱਚ।
ਦੀਵਾ ਆਸ ਦਾ ਬੁੱਝਣ ਨਾ ਦੇਵਾਂ, ਲੱਖ ਹਨੇਰੀ ਆਵੇ,
ਪਾ ਪਾ ਤੇਲ ਮੈਂ ਵੱਟੀਆਂ ਲਾਵਾਂ, ਤੇਰੇ ਨਾਂ ਦੇ ਅੱਖਰ ਵਿੱਚ।
ਲੋਕ ਕੰਮਾਂ 'ਤੇ ਆਉਂਦੇ ਜਾਂਦੇ, ਮਨ ਲਾਉਣ ਨੂੰ ਪੜ੍ਹਣ ਕਿਤਾਬਾਂ
ਮੈਂ ਤਾਂ ਹਰ ਪਲ ਰੁੱਝਿਆ ਰਹਿੰਦਾ, ਤੇਰੇ ਨਾਂ ਦੇ ਅੱਖਰ ਵਿੱਚ।
ਸਭ ਫਿਦਾ ਹੋਣ ਯਾਰ ਉੱਤੇ, ਮੈਂ ਕੁਰਬਾਨ ਹੋਇਆ ਵਾਂ ਤੇਰੇ ਤੇ,
ਮੈਂ ਤਾਂ ਆਪਣੀ ਸੁਰਤ ਟਿਕਾ ਲਈ, ਤੇਰੇ ਨਾਂ ਦੇ ਅੱਖਰ ਵਿੱਚ।
ਤੇਰਾ ਨਾਮ ਕਿਸਰਾਂ ਦੱਸਦਾਂ, ਆਲਮ ਜ਼ਹਿਰੀ ਭੈੜੇ ਨੂੰ,
ਮੇਰਾ ਸਾਰਾ ਰਹੱਸ ਜੋ ਛੁਪਿਆ, ਤੇਰੇ ਨਾਂ ਦੇ ਅੱਖਰ ਵਿੱਚ।