

ਤੂੰ ਤਾਂ ਕਹਿਤਾ ਕਿ ਆਖਰ ਜੋ ਘਰਦੇ ਕਹਿਣਗੇ ਉਹੀ ਹੋਣੈ!!
ਤੈਰੇ ਇਹ ਲਫਜ਼ਾਂ ਦਾ ਭਾਰ ਇੰਨਾ ਜ਼ਿਆਦਾ ਸੀ
ਕਿ ਇਹਨਾਂ ਨੇ ਮੇਰੀ ਅੱਖ ਦੀ ਨੀਂਦਰ ਖੋਹ ਰੱਖੀ ਏ
ਹਾਂ ਤੇਰੇ ਦਿਲ 'ਤੇ ਵੀ ਭਾਰ ਬਹੁਤ ਹੋਣੈ ਜਦ ਤੂੰ ਆਖਿਆ
ਹੋ ਸਕਦਾ ਤੈਨੂੰ ਵੀ ਨੀਂਦਰ ਨਾ ਆਉਂਦੀ ਹੋਵੇ
ਪਰ ਇਹ ਸਜ਼ਾ ਆਪਾਂ ਦੋਵੇਂ ਹੀ ਕਿਉਂ ਭੁਗਤ ਰਹੇ ਹਾਂ?
ਆਪਾਂ ਜ਼ੋਰ ਲਗਾ ਕੇ ਇੱਕ ਵੀ ਤਾਂ ਹੋ ਸਕਦੇ ਹਾਂ
ਅਗਰ ਚਾਹੀਏ ਇੱਕੋ ਤਕਦੀਰ ਵੀ ਲਿਖ ਸਕਦੇ ਹਾਂ
ਆਪਾਂ ਯਾਦਗਾਰੀ ਤਸਵੀਰ ਵੀ ਤਾਂ ਖਿੱਚ ਸਕਦੇ ਹਾਂ
ਇਹ ਦੱਸ, ਕੀ ਆਪਾਂ ਇੱਕ ਦੂਸਰੇ ਬਿਨਾਂ ਟਿਕ ਸਕਦੇ ਹਾਂ?
ਕਿਸੇ ਅੱਗੇ ਆਪਣੀ ਜਿੱਦ ਜਾਂ ਗੱਲ ਰੱਖਣੀ
ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਖਿਲਾਫ਼ ਜਾ ਰਹੇ ਹੋ
ਕੋਈ ਤੁਹਾਨੂੰ ਜ਼ਬਰਦਸਤੀ ਕਿਸੇ ਚੀਜ਼ ਲਈ ਮਨਾਵੇ
ਕਿਸੇ ਅਪਰਾਧ ਤੋਂ ਘੱਟ ਨਹੀਂ ਹੁੰਦਾ
ਖ਼ੁਦ ਨਾਲ ਇਨਸਾਫ਼ ਨਾ ਕਰ ਸਕੇ ਤਾਂ ਕਿਸੇ ਨਾਲ ਕੀ ਕਰੋਗੇ?
ਅਕਸਰ ਪੁੱਛਦਾ ਰਹਿੰਦੈ ਕਿ ਤੂੰ ਸੌਂਦਾ ਕਿਉਂ ਨਹੀਂ
ਸੌਣ ਵਾਸਤੇ ਸਕੂਨ ਜ਼ਰੂਰੀ ਹੁੰਦਾ ਯਾਰਾ
ਜੋ ਕਿ ਮੈਨੂੰ ਤੇਰਾ ਮੁੱਖ ਵੇਖਣ ਤੋਂ ਬਾਦ ਮਿਲਦਾ ਏ
ਕਾਸ਼ ਤੇਰਾ ਮੁੱਖ ਵੇਖਣ 'ਤੇ ਜੋ ਦਿਲ 'ਚ ਠੰਡਕ ਪੈਂਦੀ ਏ
ਉਸ ਠੰਡਕ ਵਾਸਤੇ ਵੀ ਕੋਈ ਲਫ਼ਜ਼ ਹੁੰਦਾ
ਤੇ ਮੈਂ ਦਿਲ ਖੋਲ੍ਹ ਕੇ ਬਿਆਨ ਕਰ ਸਕਦਾ ਕਿ
ਮੈਨੂੰ ਕੀ ਮਹਿਸੂਸ ਹੁੰਦਾ ਜਦ ਤੂੰ ਅੱਖਾਂ ਸਾਵੇਂ ਹੁੰਦੈਂ।
ਰਹੀ ਗੱਲ ਨੀਂਦ ਦੀ! ਕਿੱਥੋਂ ਆਵੇ ਨੀਂਦਰ
ਜਦ ਪਤਾ ਹੋਵੇ ਕਿ ਤੂੰ ਕੋਲ ਹੋ ਕੇ ਵੀ ਜੁਦਾ ਏਂ
ਜੇ ਮੈਨੂੰ ਤੂੰ ਨਾ ਮਿਲਿਆ ਤਾਂ ਮੇਰਾ ਉਹ ਦੁਸ਼ਮਣ ਬਣਜੂ
ਜੋ ਤੇਰੇ ਵਾਸਤੇ ਤੇਰੀਆਂ ਅੱਖਾਂ 'ਚ ਖ਼ੁਦਾ ਏ