ਊਣਾ
ਜੋ ਚਾਹੀਦਾ ਜ਼ਿੰਦਗੀ ਵਿੱਚ ਉਹ ਊਣਾ,
ਜੋ ਨਹੀਂ ਚਾਹੀਦਾ ਸਾਡੇ ਕੋਲ ਉਹ ਦੂਣਾ!
ਖੁਸ਼ੀਆਂ ਖੇਡਣ ਹਰ ਗਲੀ ਮੁਹੱਲੇ,
ਇਹਨਾਂ ਸਾਡੀ ਸਰਦਲ ਕਿੱਥੇ ਛੂਹਣਾ!
ਵੇਚ ਕੇ ਸਾਹ ਸੂਰਜ ਖਰੀਦੇ,
ਮੱਥੇ ਉੱਤੇ ਸੀ ਤਾਰੇ ਬੀਜੇ,
ਆਸ ਸੀ ਚੰਨ ਬਣ ਤਾਰਾ ਉੱਭਰੂ,
ਕਿਸਮਤ ਹੋਰ ਦਿਖਾਏ ਨਤੀਜੇ!
ਰਹਿ ਗਈਆਂ ਨਜ਼ਰਾਂ ਵਿੱਚ ਆਸਾਂ,
ਬੁਝੀਆਂ ਨਾ ਰੂਹ ਦੀਆਂ ਪਿਆਸਾਂ,
ਦੀਦ ਤੇਰੀ ਨੂੰ ਤਿਹਾਈਆਂ ਅੱਖੀਆਂ,
ਜਿੰਦ ਭੁਰਦੀ ਜਾਂਦੀ ਮਾਸਾ ਮਾਸਾ!
ਕੰਗਣੀ ਖਿਲਾਰੀ ਆਸ ਦੇ ਵਿਹੜੇ,
ਖਾਣ ਗਿਟਾਰਾਂ ਆਈਆਂ ਨਾ,
ਅਸੀਂ ਖੜ੍ਹੇ ਰਹੇ ਪੱਤਝੜ ਦੀ ਰੁੱਤੇ,
ਸਾਨੂੰ ਲੈਣ ਬਹਾਰਾਂ ਆਈਆਂ ਨਾ!
ਆਸ ਸੀ ਰਹਿ ਗਈ ਕਿਸਮਤ 'ਤੇ,
ਉਹ ਵੀ ਸਾਨੂੰ ਲਾ ਗਈ ਚੂਣਾ।
ਜੋ ਚਾਹੀਦਾ ਜ਼ਿੰਦਗੀ ਵਿੱਚ ਉਹ ਊਣਾ,
ਜੋ ਨਹੀਂ ਚਾਹੀਦਾ ਸਾਡੇ ਕੋਲ ਉਹ ਦੂਣਾ!