ਸਾਡੇ ਤਾਂ ਉੱਜੜੇ ਵਿਹੜੇ ਚੰਨ ਤੇ ਧਰੁਵ ਨੀ ਚੜ੍ਹਦੇ
ਪਿਆਰਾਂ ਦੇ ਸੂਰਜਾਂ ਨੂੰ ਤਾਰੇ ਵੀ ਗੱਲਾਂ ਕਰਦੇ
ਇਨ੍ਹਾਂ ਨੂੰ ਚੁੱਪ ਕਰਾ ਵੇ ਹੱਕ 'ਚ ਗਵਾਹੀ ਭਰਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਅੱਖਾਂ ਮੀਚਾਂ ਯਾ ਖੋਲਾਂ ਤੂੰ ਹੀ ਦਿੱਸੇ ਚੁਫੇਰੇ
ਕਾਹਦਾ ਖੁੱਸਿਆਂ ਤੂੰ ਰੁੱਤਾਂ ਨੇ ਵੀ ਮੁੱਖ ਫੇਰੇ
ਲੈਜਾ ਪੱਤਝੜਾਂ 'ਚੋਂ ਵਸਲਾਂ ਦੀ ਬਹਾਰ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਤੈਨੂੰ ਹੀ ਸੱਜਦਾ ਕਰਦੇ ਤੈਨੂੰ ਹੀ ਸਿਰ ਝੁਕਾਵਾਂ
ਤੈਨੂੰ ਹੀ ਰੱਬ ਹੈ ਮੰਨਿਆਂ ਤੈਨੂੰ ਹੀ ਰੋਜ਼ ਧਿਆਵਾਂ
ਲੱਗ ਜਾ ਨਸੀਬ ਨੂੰ ਮੇਰੇ ਇਲਾਹੀ ਮੁਰਾਦ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਖੁਸ਼ੀ ਨੂੰ ਆਖਦੇ ਵੇ ਤੈਨੂੰ ਆ ਕੇ ਛੇੜੇ
ਉਦਾਸੀ ਨੂੰ ਵੀ ਕਹਿ ਦੇ ਕਿ ਮੈਨੂੰ ਆ ਕੇ ਘੇਰੇ
ਮੁਸ਼ਕਿਲ ਤੇਰੀ ਦੇ ਮੂਹਰੇ ਖੜ੍ਹਜਾਂ ਪਹਾੜ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਨਰਕਾਂ 'ਚੋਂ ਹੋ ਹੂ ਕੇ ਮੈਂ ਤੇਰੇ ਕੋ ਮੁੜ ਕੇ ਆਜੂੰ
ਜ਼ਿੰਦਗੀ ਜੰਨਤ ਬਣਾ ਦਉਂ ਤੂੰ ਹੱਕ ਤਾਂ ਦੇ ਅਸਾਨੂੰ
ਬੱਸ ਦੂਰੀ ਨੂੰ ਮਾਰਦੇ ਵੇ ਕੋਈ ਔਜ਼ਾਰ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ