ਕੌਣ ਹੈ
ਸਦੀਆਂ ਪਿੱਛੋਂ ਖੁਸ਼ੀਆਂ ਨੇ ਅੱਜ ਘੇਰਾ ਪਾਇਆ ਏ,
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?
ਖੌਰੇ ਦਿਲ ਦੀ ਕਬਰ 'ਤੇ ਕੌਣ ਲੜੀਆਂ ਲਾ ਗਿਆ ਏ,
ਮਿਲਣ ਦਾ ਵਕਤ ਦੱਸਿਆ ਨਈਂ ਉਂਝ ਘੜੀਆਂ ਲਾ ਗਿਆ ਏ,
ਸ਼ਮਸ਼ਾਨ ਦਾ ਵਿਹੜਾ ਫਿਰ ਤੋਂ ਜਿਸ ਆ ਰੁਸ਼ਨਾਇਆ ਏ।
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?
ਰੇਸ਼ਮੀ ਜ਼ੁਲਫਾਂ ਦੇ ਨਾਲ ਸਾਰੀਆਂ ਪੀੜਾਂ ਹੂੰਝ ਗਈ,
ਜ਼ਖ਼ਮਾਂ ਦਾ ਰਿਸਦਾ ਪਾਣੀ ਚੁੰਨਰੀ ਨਾਲ ਪੂੰਝ ਗਈ,
ਡੁੱਬਦੀ ਬੇੜੀ ਨੂੰ ਕਿਸ ਨੇ ਕਿਨਾਰਾ ਦਿਖਲਾਇਆ ਏ,
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?
ਨੈਣ ਨਕਸ਼ ਵੀ ਨਾ ਦਿਸੇ ਖਿਆਲਾਂ ਵਿੱਚ ਆਈ ਦੇ,
ਮੁੱਖ 'ਤੇ ਉਹਦੇ ਪਰਦਾ ਸੀ ਧੁੱਪਾਂ ਦੀ ਜਾਈ ਦੇ
ਦੇਖਿਆ ਨਹੀਂ ਫਿਰ ਵੀ ਪੋਟਾ-ਪੋਟਾ ਮੁਸਕਾਇਆ ਏ.
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?
ਕਲਮ ਦਾ ਟੁੱਟਿਆ ਘੋੜਾ ਮੇਰਾ ਆਣ ਜੋੜਿਆ ਏ,
ਗੁੰਮੇ ਮੇਰੇ ਜਜ਼ਬਾਤਾਂ ਨੂੰ ਇੱਕਸਾਰ ਮੋੜਿਆ ਏ,
ਅੰਦਰਲਾ ਮਰਿਆ ਸ਼ਾਇਰ ਜਿਸਨੇ ਆ ਜਗਾਇਆ ਏ.
ਕੌਣ ਹੈ ਜਿਸਨੇ ਦਿਲ ਮੇਰੇ ਵਿੱਚ ਫੇਰਾ ਪਾਇਆ ਏ?