ਹੀਰਾਂ ਦੇ ਰਾਹ
ਪਹਿਲਾਂ ਤਾਂ ਕਿਸੇ ਨਾਲ ਦਿਲ ਨਹੀਂ ਲਾਈਦਾ
ਜੇ ਲਾਈਏ ਤਾਂ ਕਬਰਾਂ ਤਾਈਂ ਸਾਥ ਨਿਭਾਈਦਾ
ਅੱਖਾਂ 'ਚ ਅਰਮਾਨਾਂ ਦੀ ਤਰਦੀ ਬੇੜੀ ਨੂੰ
ਹਿਜਰਾਂ ਦੇ ਸਾਗਰਾਂ ਵਿੱਚ ਨਹੀਂ ਡੁਬਾਈਦਾ
ਪੁੱਟਣਾ ਪੈਰ ਜੇ ਰੀਤੀ-ਰਿਵਾਜ਼ਾਂ ਮੁਤਾਬਿਕ
ਤਾਂ ਚਿੜੀਏ ਹੀਰਾਂ ਦੇ ਰਾਹ ਨਹੀਂ ਜਾਈਦਾ
ਉਹ ਰਾਹ ਕੁਰਬਾਨੀ ਮੰਗਦੇ ਨੇ
ਆਸ਼ਿਕ ਸੁਫ਼ਨੇ ਨਾ ਸੂਲੀ ਟੰਗਦੇ ਨੇ
ਫਿੱਕੜੇ ਯਾਰ ਦੀ ਫਿੱਕੜੀ ਜ਼ਿੰਦਗੀ
ਉਹ ਆਪਣੇ ਰੰਗਾਂ ਨਾਲ ਰੰਗਦੇ ਨੇ
ਇਨ੍ਹਾਂ ਇਸ਼ਕੇ ਦੇ ਸੂਹੇ ਖ਼ਤਾਂ ਉੱਪਰ
ਕਦੇ ਕਾਲਖ ਮਲ ਕੇ ਨਹੀਂ ਜਾਈਦਾ
ਪੁੱਟਣਾ ਪੈਰ ਜੇ ਰੀਤੀ-ਰਿਵਾਜ਼ਾਂ ਮੁਤਾਬਿਕ
ਤਾਂ ਚਿੜੀਏ ਹੀਰਾਂ ਦੇ ਰਾਹ ਨਹੀਂ ਜਾਈਦਾ
ਜੇ ਜਾਣਾ ਏ ਤਾਂ ਛੱਡਦੇ ਸਭ ਕੁੱਝ
ਸੁਰਖੀ ਬਿੰਦੀ ਦਾ ਛੱਡਦੇ ਸਜ ਸੁਜ
ਇਸ਼ਕ ਮੰਨਦਾ ਇੱਕ ਗੱਲ ਅਨੋਖੀ
ਕਿ ਯਾਰ ਤੋਂ ਵੱਡਾ ਨਹੀਂ ਹੁੰਦਾ ਰੱਬ ਰੁੱਬ
ਪਾਕੀਜ਼ ਰੂਹਾਂ ਇੱਕ ਗੱਲ ਕਹਿੰਦੀਆਂ
ਮਰ ਜਾਈਏ ਸੰਧੂਰ ਮੱਥੇ ਗੈਰ ਦਾ ਨਹੀਂ ਲਾਈਦਾ
ਪੁੱਟਣਾ ਪੈਰ ਜੇ ਰੀਤੀ-ਰਿਵਾਜ਼ਾਂ ਮੁਤਾਬਿਕ
ਤਾਂ ਚਿੜੀਏ ਹੀਰਾਂ ਦੇ ਰਾਹ ਨਹੀਂ ਜਾਈਦਾ