ਦਿਲ ਲਗਾਵਣ ਵਾਸਤੇ
ਦਿਲ ਲਗਾਵਣ ਵਾਸਤੇ ਪਤਾ ਨਹੀਂ ਕੀ ਕੁੱਝ ਕਰਦਾ ਹਾਂ
ਕੌੜੀ ਜ਼ਿੰਦਗੀ ਦੀਆਂ ਮਿੱਠੜੀਆਂ ਯਾਦਾਂ ਮਰਦਾ ਹਾਂ
ਤੇਰਾ ਨਜ਼ਰ ਫੇਰ ਲੈਣਾ ਕੋਈ ਇਤਫ਼ਾਕ ਨਹੀਂ ਸੀ
ਹੁਣ ਕਿਸੇ ਨਾਲ ਨਜ਼ਰ ਮਿਲਾਉਣ ਤੋਂ ਵੀ ਡਰਦਾ ਹਾਂ
ਜਿੰਨਾਂ ਮਰਜ਼ੀ ਮਨ ਮਾਰ ਲਵਾਂ ਫਿਰ ਉੱਥੇ ਜਾ ਖੜ੍ਹਦਾ ਹਾਂ
ਤੇਰੀਆਂ ਯਾਦਾਂ ਜੋ ਲਿਖਵਾਇਆ ਬੱਸ ਉਹੀ ਤਰਜ਼ਾਂ ਪੜ੍ਹਦਾ ਹਾਂ
ਪੈਰੀਂ ਛਾਲੇ ਘਸੀਆਂ ਅੱਡੀਆਂ ਆਸ ਦੀ ਪੌੜੀ ਚੜ੍ਹਦਾ ਹਾਂ
ਖੁਦਾ ਆਖੇ ਤੂੰ ਮੁੜ ਨਈਂ ਆਉਣਾ, ਤਾਂ ਵੀ ਉਸ ਨਾਲ ਲੜਦਾ ਹਾਂ
ਦਿਨ ਤਾਂ ਗੁਜ਼ਰ ਹੀ ਜਾਂਦਾ ਏ ਬੱਸ ਰਾਤਾਂ ਨੂੰ ਮਨ ਭਰਦਾ ਹਾਂ
ਹਾੜ੍ਹ ਦੁਪਹਿਰਾਂ ਬੁੱਕਲ ਲੋਈ ਦੀ ਮਾਰੀ ਫਿਰ ਵੀ ਠਰਦਾ ਹਾਂ
ਵੈਸੇ ਖੁਸ਼ ਹੀ ਰਹਿੰਦਾ ਹਾਂ ਜਦ ਸੋਚਾਂ ਤੈਨੂੰ ਹੋਰ ਕਿਸੇ ਨਾਲ
ਮੈਂ ਸਾਹ ਲੈਂਦਾ ਵੀ ਮਰਦਾ ਹਾਂ ਮੈਂ ਸਾਹ ਲੈਂਦਾ ਵੀ ਮਰਦਾ ਹਾਂ