ਯਾਦਾਂ ਦਾ ਸਫਰ
ਸੂਰਜ ਦੇ ਸੌਣ ਤੋਂ ਲੈਕੇ ਚੰਨ ਦੇ ਉੱਠਣ ਤੱਕ
ਰਾਤਾਂ ਦੇ ਦਿਸਣ ਤੋਂ ਲੈਕੇ ਸਵੇਰੇ ਦੇ ਲੁੱਕਣ ਤੱਕ
ਹਾੜ ਦੇ ਕਹਿਰ ਤੋਂ ਲੈਕੇ ਸਾਉਣ ਝੜੀ ਮੁੱਕਣ ਤੱਕ
ਸੜਕਾਂ ਦੇ ਭਿੱਜਣ ਤੋਂ ਲੈਕੇ ਬੱਦਲਾਂ ਦੇ ਸੁੱਕਣ ਤੱਕ
ਦਾ ਸਫ਼ਰ ਸੱਚ ਜਾਣੀਂ, ਤੇਰੀਆਂ ਯਾਦਾਂ ਨਾਲ ਤਹਿ ਕਰਦਾ
ਪੱਤਿਆਂ ਦੇ ਡਿੱਗਣ ਤੋਂ ਫੁੱਲਾਂ ਦੇ ਖਿੜਣ ਤੱਕ
ਝੱਖੜਾਂ ਦੇ ਜਾਣ ਤੋਂ ਰੁੱਤਾਂ ਦੇ ਮੁੜਣ ਤੱਕ
ਚੰਨ ਦੇ ਠਰਨ ਤੋਂ ਸੂਰਜ ਦੇ ਸੜਣ ਤੱਕ
ਦਾ ਸਫਰ ਸੱਚ ਜਾਣੀਂ, ਤੇਰੀਆਂ ਯਾਦਾਂ ਨਾਲ ਤਹਿ ਕਰਦਾ
ਜੀਵਨ ਦੀ ਆਸ ਤੋਂ ਜ਼ਿੰਦਗੀ ਦੇ ਰੁਕਣ ਤੱਕ
ਦਿਲ ਦੇ ਧੜਕਣ ਤੋਂ ਸਾਹਾਂ ਦੇ ਮੁੱਕਣ ਤੱਕ
ਤਾਰਿਆਂ ਦੇ ਸੌਣ ਤੋਂ ਕੁੱਕੜਾਂ ਦੇ ਕੂਕਣ ਤੱਕ
ਦਾ ਸਫਰ ਸੱਚ ਜਾਣੀਂ, ਤੇਰੀਆਂ ਯਾਦਾਂ ਨਾਲ ਤਹਿ ਕਰਦਾ