ਸੋਚਾਂ ਤੋਂ ਸੋਹਣਾ
ਕਦੇ ਸੋਚਿਆ ਨਈਂ ਖ਼ਿਆਲੋਂ ਵੱਧ ਕੋਈ ਸੋਹਣਾ ਹੋਊ
ਪਰ ਤੂੰ ਤਾਂ ਮੇਰੀਆਂ ਸੋਚਾਂ ਤੋਂ ਵੀ ਸੋਹਣਾ ਏ
ਨਾ ਜਾਣੇ ਕਿਉਂ ਦਿਲ ਤੇਰੇ 'ਤੇ ਫਿਦਾ ਹੋਇਆ ਏ
ਤੱਕਣੀ ਤੇਰੀ ਨੂੰ ਕੋਈ ਇਲਮ ਤਾਂ ਹੋਣਾ ਏ
ਮੈਨੂੰ ਸਰਘੀ ਵੇਲੇ ਤੇਰੇ ਸੁਪਨੇ ਆਉਂਦੇ ਨੇ
ਤੇਰੈ ਵੀ ਖਿਆਲ ਮੇਰੇ ਵਿੱਚ ਨੇ ਖੋ ਜਾਂਦੇ
ਕੱਚੀ ਪੱਕੀ ਨੀਂਦਰ ਅੱਖਾਂ ਸੁਫ਼ਨੇ ਵੇਖਦੀਆਂ
ਮੈਂ ਸੁਣਿਆ ਇੱਕ ਦਿਨ ਉਹੋ ਸੱਚ ਨੇ ਹੋ ਜਾਂਦੇ
ਹਰ ਸਾਹ ਮੈਂ ਆਪਣਾ ਲੇਖੇ ਤੇਰੇ ਲਾਉਣਾ ਏ
ਤੂੰ ਤਾਂ ਮੇਰੀਆਂ ਸੋਚਾਂ ਤੋਂ ਵੀ ਸੋਹਣਾ ਏ
ਮੈਂ ਸੁਣਿਆ ਇਲਮ ਹੈ ਤੇਰੀ ਤੱਕਣੀ ਨੂੰ
ਤੇਰੇ ਵੇਖਣ ਦੇ ਨਾਲ ਵਹਿੰਦਾ ਪਾਣੀ ਖੜ੍ਹ ਜਾਂਦਾ
ਤੇਰੀ ਅੱਖ ਨਸ਼ੀਲੀ ਜਦ ਅੰਬਰ ਤੱਕਦੀ ਏ
ਤੇਰੇ ਚਿਹਰੇ ਦੇ ਰੰਗ ਵਰਗਾ ਫਿਰ ਦਿਨ ਚੜ੍ਹ ਜਾਂਦਾ
ਤੇਰੀ ਜ਼ਿੰਦਗੀ 'ਚੋਂ ਹਨੇਰਾ ਕੰਵਲ ਨੇ ਖੋਹਣਾ ਏ
ਤੂੰ ਤਾਂ ਮੇਰੀਆਂ ਸੋਚਾਂ ਤੋਂ ਵੀ ਸੋਹਣਾ ਏ
ਤੇਰੇ ਬੁੱਲ੍ਹਾਂ ਦੇ ਵਿੱਚ ਵੱਖਰਾ ਜਾਦੂ ਐ
ਕੰਡਿਆਂ ਨੂੰ ਚੁੰਮਦੀ ਏਂ ਉਹ ਫੁੱਲ ਨੇ ਬਣ ਜਾਂਦੇ
ਹੱਸਦੀ ਜਦ ਧਰਤੀ ਤੇਰੇ ਨਾ ਹੱਸਦੀ ਐ
ਜਦ ਚੀਕੇਂ ਭਰੇ ਭਰਾਏ ਬੱਦਲ ਫੱਟ ਜਾਂਦੇ
ਰਿਸ਼ਤਾ ਤੇਰਾ ਕੁਦਰਤ ਨਾਲ ਗੂੜਾ ਏ
ਤੂੰ ਤਾਂ ਮੇਰੀਆਂ ਸੋਚਾਂ ਤੋਂ ਵੀ ਸੋਹਣਾ ਏ