ਤੇਰਾ ਸ਼ਹਿਰ
ਚੇਹਰਿਆਂ 'ਤੇ ਨਕਾਬ ਦਿਲ ਵਿੱਚ ਜ਼ਹਿਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਇੱਥੋਂ ਦੀ ਇਹ ਪੱਤਝੜ ਵੇਖ ਕੇ ਲੱਗਦਾ ਏ
ਵਰ੍ਹਿਆ ਇਸ ਉੱਤੇ ਵੀ ਹੁਸਨ ਦਾ ਕਹਿਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਮੰਨਿਆ ਤੇਰੇ ਸ਼ਹਿਰ ਤੇਰਾ ਕੋਈ ਸਾਥੀ ਹੋਊ
ਮੁਲਖ ਤੇਰੇ ਦਾ ਰੱਬ ਜਿਸਮਾਂ ਦਾ ਆਦੀ ਹੋਊ
ਹਰ ਗਲੀ-ਮੁਹੱਲੇ ਲਿੱਬੜੇ ਦਿਲ ਨੇ ਖੈਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਪਿਆਰ ਫਜ਼ੂਲ ਮੁਹੱਬਤ ਨਾਟਕ ਤੇਰੇ ਲਈ
ਇਸ਼ਕ ਖੁਦਾ ਮੇਰੇ ਲਈ ਮਖੌਲ ਹੈ ਤੇਰੇ ਲਈ
ਅਸ਼ਲੀਲਤਾ ਦੀ ਮੰਡੀ ਜਾਂਦੇ ਤੇਰੇ ਪੈਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਹਰ ਇੱਕ ਦੇ ਨਾਲ ਦਗਾ ਕਮਾਉਣਾ ਲਹਿਜਾ ਜਿੱਥੇ
ਭੁੱਲਕੇ ਆਪਣੇ ਖ਼ੁਦਾ ਨੂੰ ਕਹਿੰਦੇ ਬਹਿਜਾ ਇੱਥੇ
ਕਦੇ ਇਨਸਾਨੀਅਤ ਦੇ ਨੇੜੇ ਹੋ ਠਹਿਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ
ਮੁਹੱਬਤ ਦਾ ਨਾਮ ਲੈਣਾ ਵੀ ਗੁਨਾਹ ਕਹਿੰਦੇ
ਵਫ਼ਾ ਕਮਾਵਣ ਵਾਲੇ ਨੂੰ ਵੀ ਸਜ਼ਾ ਦੇਂਦੇ
ਇਹ ਕੈਸੀ ਚੱਲੀ ਦੁਨੀਆਂ ਉੱਤੇ ਲਹਿਰ ਯਾਰਾ
ਹਰ ਰੂਹ ਵਿੱਚ ਨਫ਼ਰਤ ਤੇਰਾ ਕਿੱਦਾਂ ਦਾ ਸ਼ਹਿਰ ਯਾਰਾ