'ਰ' ਲਿਖਿਆ
ਲੋਕਾਂ ਛਾਪੀ ਪੂਰੀ ਕਿਤਾਬ ਨਾਵਾਂ ਦੀ
ਅਸਾਂ ਮਿਟਾਕੇ ਉਹੀ ਦੁਬਾਰਾ ਲਿਖਿਆ
ਤੂੰ ਮੰਨਣਾ ਨਹੀਂ ਤੇਰਾ ਨਾਮ ਅਸੀਂ
ਇੱਕ ਵਾਰ ਨੀ ਵਾਰ ਹਜ਼ਾਰਾਂ ਲਿਖਿਆ
ਕਿਸੇ ਪੁੱਛਿਆ ਕਿਹੜੀ ਤਰੀਕ ਪਸੰਦ
ਮੈਂ ਖਿੜਕੇ ਚੌਦਾਂ ਬਾਰਾਂ ਲਿਖਿਆ
ਲੋਕਾਂ ਲਿਖਿਆ ਪੂਰਾ ੳ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
‘ਰ’ -ਰਾਰਾ
ਤੂੰ ਤੁਰ ਗਿਆ ਸਾਥੋਂ ਦੂਰ ਕਿਤੇ
ਮੈਂ ਖ਼ੁਦ ਨੂੰ ਖ਼ੁਦ ਵਿਚਾਰਾ ਲਿਖਿਆ
ਤੂੰ ਲਿਖ ਲਿਆ ਖ਼ੁਦ ਨੂੰ ਚੰਦ ਕਿਤੇ
ਮੈਂ ਖੁਦ ਨੂੰ ਟੁੱਟਿਆ ਤਾਰਾ ਲਿਖਿਆ
ਤੇਰੇ ਜਾਣ ਦੇ ਭੈੜੇ ਵਿਜੋਗ ਵਿੱਚ
ਆਹ ਦੇਖ ਮੈਂ ਆਪਣਾ ਹਾੜਾ ਲਿਖਿਆ
ਲੈਣਾ ਖ਼ੁਦ ਨੂੰ ਲਿਖ ਤੂੰ ਸ਼ਾਦੀਸ਼ੁਦਾ
ਮੈਂ ਜ਼ਿੰਦਗੀ ਦੇ ਪੰਨੇ ਕੁਵਾਰਾ ਲਿਖਿਆ
ਲੋਕਾਂ ਲਿਖਿਆ ਪੂਰਾ ੳ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ
ਤੂੰ ਹੱਸ, ਵਸ, ਰਾਜ਼ੀ ਰਹਿ, ਯੁਗ-ਯੁਗ ਜੀ
ਜੋ ਕੁੱਝ ਅੰਦਰ ਲੈ ਸਾਰਾ ਲਿਖਿਆ
ਕਿੱਥੋਂ ਕਰਾਂ ਮੈਂ ਸੈਰ ਜੰਨਤ ਦੀ
ਮੇਰੀਆਂ ਲਕੀਰਾਂ ਵਿੱਚ ਉਜਾੜਾ ਲਿਖਿਆ
ਮੈਂ ਲਿਖੇ ਤੇਰੇ ਲਈ ਸੁੱਖ ਦੁਨੀਆਂ ਦੇ
ਤੂੰ ਮੇਰੇ ਹਿੱਸੇ ਨਾ ਕੋਈ ਸਹਾਰਾ ਲਿਖਿਆ
ਮੈਂ ਤੇਰੇ ਨਾਮ ਅੱਗੇ ਖ਼ੁਦਾ ਲਿਖਿਆ
ਤੂੰ ਮੇਰੇ ਅੱਗੇ ਪਾਗਲ, ਅਵਾਰਾ ਲਿਖਿਆ
ਲੋਕਾਂ ਲਿਖਿਆ ਪੂਰਾ ਓ ਅ
ਮੇਰੇ ਦਿਲ ਉੱਤੇ ਬੱਸ 'ਰ' ਲਿਖਿਆ