

ਕਿਸਮਤ ਦੀ ਕਿਤਾਬ
ਤੇਰੇ ਦੇਸ਼ ਦਾ ਆਕਾਸ਼ ਰੰਗ ਵਰਗਾ ਸਾਫ਼
ਜ਼ਮੀਨ ਤੇਰੀ ਰੂਹ ਵਰਗੀ ਪਾਕ ਹੀ ਹੋਵੇਗੀ
ਫੁੱਲ ਤਾਂ ਸੋਹਣੇ ਹੋਵਣਗੇ ਹੀ ਹੋਵਣਗੇ
ਮਿੱਟੀ ਮੇਰੀ ਹਸਰਤ ਵਾਂਗ ਰਾਖ ਹੀ ਹੋਵੇਗੀ
ਤੇਰੀਆਂ ਮਹਿਕਾਂ ਖਿਲਾਰਦੀ ਹਵਾ ਮਹਿਕੇ
ਤੇਰੇ ਕੋਲ ਆਈ ਏ ਮੇਰੇ ਕੋਲੋਂ ਬਹਿਕੇ
ਤੇਰਾ ਸੁਨੇਹਾ ਲਿਆਉਂ ਮੈਨੂੰ ਆਈ ਕਹਿਕੇ
ਮੈਂ ਉਡੀਕ 'ਚ ਬੈਠਾ ਤੇਰੀ ਯਾਦ ਲੈਕੇ
ਚੱਲ ਲਾ ਸੁਨੇਹਾ ਖੁਸ਼ ਕਰ ਦਿਲ ਨੂੰ
ਕੱਸੀਏ ਪਿਆਰ 'ਚ ਪਾਈ ਢਿੱਲ ਨੂੰ
ਭੱਜਕੇ ਦੂਰ ਭਜਾਈਏ ਜਿੱਲ੍ਹ ਮਿੱਲ੍ਹ ਨੂੰ
ਵਿਛੋੜੇ ਦੀ ਰਲ ਲਾਹੀਏ ਛਿੱਲ ਨੂੰ
ਛੱਡ ਖਿਆਲ ਆ ਇੱਕ ਹੋਈਏ
ਕਰ ਦੁਆ ਖਾਬੋਂ ਨਾ ਵੱਖ ਹੋਈਏ
ਅੱਲਾ ਕਰੇ ਕਿਸਮਤ ਦੀ ਕਿਤਾਬ 'ਚ
ਆਪਾਂ ਇੱਕੋ ਕਾਗਜ਼ 'ਤੇ ਲਿਖ ਹੋਈਏ
ਕਾਸ਼ ਕੋਈ ਮਜ਼ਹਬ ਨਾ ਦੇਖੇ
ਹਰ ਕੋਈ ਹਰ ਜਗ੍ਹਾ ਮੱਥਾ ਟੇਕੇ
ਹਿੰਦੂ ਸਿੱਖ ਇਸਾਈ ਮੁਸਲਿਮ
ਵਾਹਿਗੁਰੂ ਸਾਈਂ ਅੱਲਾ ਏਕੇ
ਜਾਤ ਪਾਤ ਦੇ ਉੱਸਰੇ ਰੁੱਖਾਂ ਪਰ
ਮੈਂ ਪੰਛੀ ਪਿਆਰ ਦੇ ਮਰਦੇ ਦੇਖੇ
ਖ਼ੁਦ ਜ਼ੁਬਾਨੋ ਮਨਫ਼ੀ ਹੋਕਰ
ਮਜ਼ਬੂਰੀ ਹੇਠ ਵਾਅਦੇ ਕੱਜਦੇ ਦੇਖੇ