੩. (ਮੋਹਿਨਾਂ ਤੇ ਠਾਕੁਰ ਜੀ)
ਮੋਹਿਨਾ ਸੋਹਿਨਾ ਜੀ ਕੌਣ ਹਨ ? ਇਸ ਗਰੀਬੀ ਵਿਚ ਕਿਉਂ ਹਨ ? ਇੰਨੇ ਪ੍ਰੇਮੀ ਕਿਸ ਲਈ ਹਨ ? ਅੰਮੀ ਜੀ ਐਡੇ ਪਿਆਰਾਂ ਵਾਲੇ ਕੌਣ ਹਨ ?
ਰਾਇਪੁਰ ਦੇ ਰਹਿਣ ਵਾਲੇ ਇਕ ਰਸੀਏ ਅਮੀਰ ਇਹ ਸੋਹਨਾ ਜੀ ਹਨ ਇਨ੍ਹਾਂ ਦੀ ਇਸਤ੍ਰੀ ਮੋਹਿਨਾਂ ਹੈ। ਰਾਗ ਵਿਦ੍ਯਾ ਤੇ ਕਵਿਤਾ ਵਿਚ ਦੁਏ ਪ੍ਰਬੀਨ ਸੇ। ਸਮਾਂ ਪਾ ਕੇ ਕੁਛ ਭਗਤੀ ਵਿਚ ਲਗ ਪਏ ਸੇ। ਇਕ ਬੈਰਾਗੀ ਫਕੀਰ ਨੇ ਇਨ੍ਹਾਂ ਨੂੰ ਠਾਕੁਰ ਪੂਜਾ ਸਿਖਾਈ ਤੇ ਭਗਤੀ ਦੀ ਜਾਚ ਦੱਸੀ ਸੀ, ਭਾਵੇਂ ਇਹ ਚੰਗੇ ਘਰੋਂ ਬਾਹਰੋਂ ਖੁੱਲੇ ਸੇ, ਪੈਸੇ ਦੀ ਤੋਟ ਨਹੀਂ ਸੀ, ਪਰ ਜਦ ਭਗਤੀ ਨੇ ਰੰਗ ਜਮਾਇਆ ਤਾਂ ਸਵੇਰੇ ਖੂਹ ਤੋਂ ਜਾ ਕੇ ਆਪ ਇਸ਼ਨਾਨ ਕਰਕੇ ਸੁੱਚਾ ਜਲ ਠਾਕੁਰਾਂ ਲਈ ਲਿਆਉਣਾ, ਇਸ਼ਨਾਨ ਕਰਕੇ ਆਪਣੇ ਲਾਏ ਫੁੱਲਾਂ ਦੀ ਮਾਲਾ ਪੁਰੋਣੀ, ਪੂਜਾ, ਅਰਚਾ, ਡੰਡਉਤ, ਸਾਰੀ ਰੀਤਿ ਦੇਵ ਪੂਜਾ ਦੀ ਨਿਬਾਹੁਣੀ। ਸੰਕੀਰਤਨੀਏਂ ਵੀ ਤਕੜੇ ਸਨ। ਸੋਹਿਨਾ ਨੂੰ ਵੀਣਾ ਵਿਚ ਤੇ ਮੋਹਿਨਾ ਨੂੰ ਸਰੋਦੇ ਵਿਚ ਪ੍ਰਬੀਨਤਾ ਪ੍ਰਾਪਤ ਸੀ, ਠਾਕੁਰਾਂ ਦੇ ਅੱਗੇ ਓਹ ਸੰਗੀਤ ਤੇ ਨ੍ਰਿਤਕਾਰੀ ਕਰਨੀ ਕਿ ਅਵਧੀ ਕਰ ਦੇਣੀ। ਇਕ ਦਿਨ ਦੋਏ ਜਣੇ ਖੂਹ ਤੋਂ ਸੁੱਚਾ ਪਾਣੀ ਲਿਆ ਰਹੇ ਸਨ ਕਿ ਇਕ ਸਿੱਧੇ ਦਸਤਾਰੇ ਵਾਲਾ ਗੁਰਮੁਖ ਰੂਪ ਆਦਮੀ ਭੱਜਾ ਆਇਆ, ਇਸਦੇ ਇਕ ਕਰਾਰਾ ਫੱਟ ਲੱਗਾ ਸੀ ਅਰ ਤਰੇਹ ਨਾਲ ਬੇਹਾਲ ਹੋ ਰਿਹਾ ਸੀ। ਇਨ੍ਹਾਂ ਦੇ ਪੈਰਾਂ ਪਾਸ ਹਫ ਕੇ ਡਿੱਗਾ ਤੇ ਪਾਣੀ ਪਾਣੀ ਕੂਕ ਪਿਆ। ਉਸ ਦੀ ਲੋੜ ਨੇ ਇਨ੍ਹਾਂ ਨੂੰ ਤ੍ਰਬ੍ਹਕਾ ਤਾਂ ਦਿੱਤਾ ਪਰ ਨੇਮ ਧਰਮ ਨੇ ਇਹੋ ਮੱਤ ਦਿਤੀ ਕਿ ਠਾਕੁਰਾਂ ਲਈ ਸੁੱਚਾ ਜਲ ਲਿਜਾ ਰਹੇ ਹਾਂ, ਇਹ ਉਹਨਾਂ ਦੇ ਨਾਉਂਗੇ ਦਾ ਹੈ; ਜੂਠਾ ਕਿਸ ਤਰ੍ਹਾਂ ਕਰੀਏ ? ਉਹ ਮੱਛੀ ਦੀ ਤਰ੍ਹਾਂ ਤੜਫਦਾ ਤੇ 'ਪਾਣੀ ਪਾਣੀ' ਕੂਕਦਾ ਰਿਹਾ ਤੇ ਇਹ ਆਪਣੇ ਕਠੋਰ ਧਰਮ ਵਿਚ ਪੱਕੇ ਘੇਸ ਮਾਰਕੇ ਕੋਲ ਦੀ ਟੁਰੀ ਗਏ। ਉਸ ਦੀ ਸਿਸਕਦੀ ਅਖੀਰ ਅਵਾਜ਼, ਜੋ ਇਨ੍ਹਾਂ ਦੇ ਕੰਨ ਪਈ, ਉਹ ਇਹ ਸੀ :--