ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ॥
(526, ਤ੍ਰਿਲੋਚਨ ਜੀ)
ਇਸ ਦੇ ਜੁਆਬ ਵਿਚ ਗੁਰੂ ਨਾਨਕ ਦਾ ਕਥਨ ਹੈ ਕਿ ਮਨ ਵਿਚ ਉਪਜੀ ਤ੍ਰਿਸ਼ਨਾ ਕਾਰਨ ਇਹ ਸਭ ਹੋ ਰਿਹਾ ਹੈ:
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥
(1013, ਮ.1)
ਭਗਤ ਤ੍ਰਿਲੋਚਨ ਜੀ ਦਾ ਮੱਤ ਹੈ ਕਿ ਪਰਿਵਾਰਵਾਦੀ ਰੁਚੀਆਂ ਕਾਰਨ ਕਮਲਾ ਹੋਇਆ ਬੰਦਾ ਸੰਸਾਰਕ ਤਰੱਕੀ ਦਾ ਭਰਮ ਤਾਂ ਪਾਲ ਸਕਦਾ ਹੈ ਪਰ ਜਮਾਂ ਦੀ ਮਾਰ ਤੋਂ ਨਹੀਂ ਬਚ ਸਕਦਾ। ਮਰਾਠੀ ਅਤੇ ਸੰਸਕ੍ਰਿਤ ਦੀ ਰੰਗਤ ਵਾਲੀ ਉਹਨਾਂ ਦੀ ਲਿਖਤ ਦੇ ਭਾਵ ਨੂੰ ਸਾਡੇ ਲਈ ਸਮਝਣਾ ਥੋੜ੍ਹਾ ਮੁਸ਼ਕਿਲ ਹੈ। ਉਹਨਾਂ ਦੇ ਇਸ ਵਿਚਾਰ ਨੂੰ ਗੁਰੂ ਨਾਨਕ ਦੇ ਸ਼ਬਦ 'ਚੋਂ ਕੁਝ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ:
ਤ੍ਰਿਲੋਚਨ ਜੀ :
ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ॥
ਦੂੜਾ ਆਇਓਹਿ ਜਮਹਿ ਤਣਾ॥ ਤਿਨ ਆਗਲੜੈ ਮੈ ਰਹਣੁ ਨ ਜਾਇ ॥ (92)
ਗੁਰੂ ਨਾਨਕ :
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ॥
ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ॥ (906)