ਕਬੀਰ ਸਾਹਿਬ ਦਾ ਜਨਮ ਗੁਰੂ ਨਾਨਕ ਤੋਂ ਤਕਰੀਬਨ ਪੌਣੀ ਸਦੀ ਪਹਿਲਾਂ ਹੋਇਆ। ਉਹਨਾਂ ਦੀ ਬਾਣੀ ਅਤੇ ਗੁਰੂ ਨਾਨਕ ਬਾਣੀ ਨੂੰ ਜੇਕਰ ਨਾਲ ਨਾਲ ਰੱਖ ਕੇ ਪੜ੍ਹੀਏ ਤਾਂ ਦੋਹਾਂ ਵਿਚ ਲੰਮੀ ਸੰਵਾਦ ਲੜੀ ਬਣਦੀ ਦਿਸਦੀ ਹੈ। ਅਸੀਂ ਆਪਣੇ ਬਚਪਨ ਵਿਚ ਦੇਖਦੇ ਰਹੇ ਹਾਂ ਕਿ ਪਿੰਡ ਦਾ ਕਿਸਾਨ ਰੰਬੇ ਦਾਤਰੀਆਂ ਬਣਾਉਣ ਲਈ ਲੋਹਾ ਅਤੇ ਉਸ ਨੂੰ ਗਰਮ ਕਰਨ ਲਈ ਬਾਲਣ ਲੈ ਕੇ ਪਿੰਡ ਦੇ ਲੋਹਾਰ ਦੇ ਕਾਰਖਾਨੇ ਪਹੁੰਚਦਾ ਸੀ, ਪੱਖਾ ਗੇੜਨ ਲਈ ਓਸ ਦਾ ਕੋਈ ਪੁੱਤ ਪੋਤਰਾ ਨਾਲ ਹੁੰਦਾ। ਲੋਹਾ ਪੂਰਾ ਲਾਲ ਹੋਣ 'ਤੇ ਲੁਹਾਰ ਉਸ ਨੂੰ ਸੰਨ੍ਹੀ ਨਾਲ ਭੱਠੀ 'ਚੋਂ ਕੱਢ ਕੇ ਐਰਨ ਤੇ ਰੱਖਦਾ। ਦੂਜੇ ਹੱਥ ਫੜੇ ਹਥੌੜੇ ਨਾਲ ਉਹ ਲਾਲ ਲੋਹੇ 'ਤੇ ਜਿਥੇ ਸੱਟ ਮਾਰਦਾ ਸਾਹਮਣੇ ਪੱਬਾਂ ਭਾਰ ਬੈਠਾ ਕਿਸਾਨ ਦੋਹੀਂ ਹੱਥੀਂ ਫੜੇ ਘਣ ਨਾਲ ਐਨ੍ਹ ਉਥੇ ਸੱਟ ਮਾਰਦਾ। ਲੋਹਾਰ ਸੰਨੀ ਨਾਲ ਗਰਮ ਲੋਹੇ ਨੂੰ ਅੱਗੇ ਪਿੱਛੇ ਕਰਦਾ ਜਾਂ ਉਲਟਾਉਂਦਾ ਪਲਟਾਉਂਦਾ ਅਤੇ ਹਥੌੜੇ ਨਾਲ ਲੋੜੀਂਦੀ ਥਾਂ ਤੇ ਸੱਟਾਂ ਮਾਰਦਾ ਕਿਸਾਨ ਉਸ ਦੇ ਮਗਰ ਉਸੇ ਥਾਂ ਘਣ ਦੀਆਂ ਸੱਟਾਂ ਮਾਰਦਾ ਜਾਂਦਾ। ਪੂਰੀ ਅਸਰਦਾਰੀ ਲਈ ਦੋਨਾਂ ਵਿਚਕਾਰ ਸੰਵਾਦ ਕਾਰਜ ਚਲਦਾ ਰਹਿੰਦਾ। ਕਬੀਰ ਬਾਣੀ ਅਤੇ ਨਾਨਕ ਬਾਣੀ ਪੜ੍ਹਦਿਆਂ ਬਿਲਕੁਲ ਇਸ ਤਰ੍ਹਾਂ ਦੇ ਸੰਵਾਦ ਦਾ ਦ੍ਰਿਸ਼ ਸਾਹਮਣੇ ਆਉਂਦਾ ਹੈ। ਉਦਾਹਰਣ ਦੇ ਤੌਰ 'ਤੇ ਚਾਰ ਸੰਵਾਦੀ-ਸੱਟਾਂ ਦੇਖਦੇ ਹਾਂ।
ਕਬੀਰ ਸਾਹਿਬ ਨੇ ਆਪਣੀ ਰਚਨਾ ਵਿਚ ਪਹਿਲੀ ਸੱਟ ਯੋਗ ਮੱਤ ਦੇ ਚਿੰਨਾਂ ਦੀ ਨਿਰਾਰਥਕਤਾ ਉਤੇ ਮਾਰੀ। ਇਨ੍ਹਾਂ ਚਿੰਨ੍ਹਾਂ ਦੇ ਆਡੰਬਰ ਦੀ ਬਜਾਏ ਮਨੁੱਖ ਦੇ ਆਚਾਰ, ਵਿਹਾਰ ਅਤੇ ਕਿਰਦਾਰ ਦੀ ਸ਼ੁੱਧਤਾ 'ਤੇ ਜ਼ੋਰ ਦਿੱਤਾ। ਉਹਨਾਂ ਜੋਗੀ ਨੂੰ ਭੇਖ ਕਰਕੇ ਨਹੀਂ ਸਗੋਂ ਆਪਣੇ ਆਚਾਰ ਅਤੇ ਵਿਹਾਰ ਦੇ ਭਾਵ ਨਾਲ ਜੋਗੀ ਹੋਣ ਦੀ ਪ੍ਰੇਰਨਾ ਕੀਤੀ:
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ॥
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ॥
(970, ਕਬੀਰ ਜੀ)