ਕਬੀਰ ਜੀ : ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ॥
ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ॥ (1377)
ਗੁਰੂ ਨਾਨਕ : ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ॥ (1412)
ਇਸ ਤਰ੍ਹਾਂ ਗੁਰੂ ਨਾਨਕ ਧਰਮ ਸੰਬੰਧੀ ਮਰਿਆਦਾਵਾਂ, ਮਨੌਤਾਂ ਅਤੇ ਵਿਸ਼ਵਾਸਾਂ ਦੇ ਸੰਵਾਦ ਵਿਚ ਕਬੀਰ ਜੀ ਵਾਲੀ ਧਿਰ ਨਾਲ ਖੜ੍ਹਦੇ ਹੀ ਨਹੀਂ ਸਗੋਂ ਉਸ ਦੇ ਵੱਡੇ ਬੁਲਾਰੇ ਬਣਦੇ ਹਨ। ਇਸ ਧਿਰ ਦੇ ਬੁਲਾਰੇ ਦੇ ਤੌਰ 'ਤੇ ਆਪ ਸਿਧ ਗੋਸਟਿ ਵਿਚ ਸਿਧਾਂ ਨਾਲ ਸੰਵਾਦ ਰਚਾਉਂਦੇ ਹਨ। ਕਬੀਰ ਸਾਹਿਬ ਆਪਣੀ ਇਸ ਧਿਰ ਦੇ ਵਿਚਾਰਧਾਰਕ ਤੌਰ 'ਤੇ ਪੂਰਨ ਰੂਪ 'ਚ ਦਰੁਸਤ ਜਾਂ ਸ੍ਰੇਸ਼ਟ ਹੋਣ ਦਾ ਦਾਅਵਾ ਨਹੀਂ ਕਰਦੇ ਸਗੋਂ ਆਖਦੇ ਹਨ:
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ (1364, ਕਬੀਰ ਜੀ)
ਗੁਰੂ ਨਾਨਕ ਵੀ ਅਜਿਹੀ ਦਾਅਵੇਦਾਰੀ ਨਾ ਕਰਨ ਵਾਲਾ ਪੈਂਤੜਾ ਅਪਣਾਉਂਦੇ ਹਨ:
ਹਮ ਨਹੀ ਚੰਗੇ ਬੁਰਾ ਨਹੀ ਕੋਇ॥ (728, ਮ. 1)