ਹੈ। ਗੁਰੂ ਜੀ ਦੀ ਵਿਚਾਰਧਾਰਾ ਵਿਭਿੰਨ ਧਰਮਾਂ, ਕੌਮਾਂ, ਸਭਿਆਚਾਰਾਂ ਦੀ ਵੰਨ-ਸੁਵੰਨਤਾ ਨੂੰ ਖ਼ਤਮ ਕਰਕੇ ਕੋਈ ਏਕੀਕਰਣ ਸਥਾਪਿਤ ਕਰਨ ਦੀ ਜਗ੍ਹਾ ਇਹਨਾਂ ਭਿੰਨਤਾਵਾਂ ਨੂੰ ਬਣਦਾ ਸਤਿਕਾਰ ਦੇ ਕੇ ਇਕਸੁਰਤਾ ਪੈਦਾ ਕਰਦੀ ਹੈ। ਨਿਬੰਧ ਨਾਨਕ ਕਿਛੁ ਸੁਣੀਐ ਕਿਛੁ ਕਹੀਐ ਵਿਚ ਲੇਖਕ ਦਰਸਾਉਂਦਾ ਹੈ ਕਿ ਗੁਰੂ ਜੀ ਨੇ ਜਿੱਥੇ ਇਕ ਪਾਸੇ ਸ਼ੇਖ ਫ਼ਰੀਦ ਜੀ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਜੈਦੇਵ ਜੀ, ਰਾਮਾਨੰਦ ਜੀ, ਧੰਨਾ ਜੀ ਆਦਿ ਸੂਫ਼ੀਆਂ, ਸੰਤਾਂ, ਭਗਤਾਂ ਦੀ ਬਾਣੀ ਦਾ ਇਕੱਤਰੀਕਰਣ ਕੀਤਾ ਤੇ ਖ਼ੁਦ ਇਸਦੇ ਮਿਲਣ ਬਿੰਦੂ ਬਣੇ ਉਥੇ ਨਾਲ ਹੀ ਇਹਨਾਂ ਦੀ ਰਚਨਾ ਨਾਲ ਵਿਚਾਰਧਾਰਕ ਸੰਵਾਦ ਵੀ ਰਚਾਇਆ। ਲੇਖਕ ਇਸ ਵਿਚਾਰ ਨੂੰ ਪੁਸ਼ਟੀ ਪ੍ਰਦਾਨ ਕਰਦਾ ਇਸ ਦੀਆਂ ਕਈ ਲੁਪਤ ਉਦਾਹਰਣਾਂ ਨੂੰ ਖੋਜਦਾ ਤੇ ਡੀਕੇਡ ਕਰਦਾ ਹੈ। ਜਿਸ ਰਾਹੀਂ ਗੁਰੂ ਜੀ ਦਾ ਹੋਰ ਬਾਣੀਕਾਰਾਂ ਦੀ ਰਚਨਾ ਨਾਲ ਸੰਵਾਦ: ਅਹਿਸਮਤੀ, ਵਿਆਖਿਆ, ਪੁਸ਼ਟੀ, ਵਿਸਥਾਰ, ਸਾਂਝ ਆਦਿ ਕਈ ਸੂਤਰਾਂ ਨੂੰ ਕੇਂਦਰ ਵਿਚ ਰੱਖਦਾ ਦ੍ਰਿਸ਼ਟੀਗੋਚਰ ਹੁੰਦਾ ਹੈ।
ਨਿਬੰਧ ਨਾਮਿ ਰਤੇ ਸਿਧ ਗੋਸਟਿ ਹੋਇ ਰਾਹੀਂ ਵੀ ਲੇਖਕ ਗੁਰੂ ਨਾਨਕ ਦੇਵ ਜੀ ਦੇ ਪ੍ਰਚਲਿਤ ਲੋਕ-ਬਿੰਬ ਜੋ ਵਧੇਰੇ ਉਪਦੇਸ਼ਕ ਦੇ ਤੌਰ 'ਤੇ ਪ੍ਰਵਾਨਿਤ ਹੈ ਨੂੰ ਸੰਵਾਦੀ ਦੇ ਤੌਰ 'ਤੇ ਵੀ ਦ੍ਰਿੜ ਕਰਵਾਉਂਦਾ ਹੈ। ਉਹ ਲਿਖਦਾ ਹੈ, "ਜਿਸ ਤਰ੍ਹਾਂ ਗੁਰੂ ਨਾਨਕ ਨੇ ਅਕਾਸ਼, ਸੂਰਜ, ਚੰਨ, ਤਾਰਿਆਂ ਦੇ ਵਿਸ਼ਾਲ ਬ੍ਰਹਿਮੰਡੀ ਵਰਤਾਰੇ ਨੂੰ ਵਿਸ਼ਾਲ ਆਰਤੀ ਦਾ ਨਾਮ ਦਿੱਤਾ ਹੈ ਉਸੇ ਤਰ੍ਹਾਂ ਜੋਗਮਤ ਅਤੇ ਗੁਰਮਤਿ ਵਿਚਕਾਰ ਹਜ਼ਾਰਾਂ ਮੀਲਾਂ ਅਤੇ ਸੈਂਕੜੇ ਸਾਲਾਂ ਵਿਚ ਫੈਲੀ ਇਹ ਸਿਧ ਗੋਸਟਿ ਪਰਮਾਤਮਾ ਦੀ ਵਿਸ਼ਾਲ ਰਹਿਰਾਸ ਜਾਪਦੀ ਹੈ।" ਲੇਖਕ ਨੇ ਇਸ ਲੰਬੇ ਕਾਲ-ਅੰਤਰਾਲ ਤੇ ਵਿਸ਼ਾਲ ਖੇਤਰ ਵਿਚ ਫੈਲੀ ਪਰੰਪਰਾ ਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਲਿਖਿਆ ਸੰਵਾਦਨਾਮਾ ਕਿਹਾ ਹੈ। ਬੇਸ਼ਕ ਇਹ ਸੰਵਾਦਨਾਮਾ ਸਹਿਹੋਂਦ ਤੇ ਸਵੈਖੋਜ ਦਾ ਅਜਿਹਾ ਸਾਂਝਾ ਵਿਵੇਚਨੀ ਧਰਾਤਲ ਵੀ ਸਥਾਪਿਤ ਕਰਦਾ