ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਘਰ ਸੁਧਾਰ ਸੰਬੰਧੀ
ਨਿਨਾਣ ਭਰਜਾਈ
ਦੀ
ਸਿਖਯਾਦਾਇਕ ਵਾਰਤਾਲਾਪ
ਭਰਜਾਈ-
ਮੇਰੇ ਨਾਲ ਹੈ ਮਾਪਿਆਂ ਵੈਰ ਕੀਤਾ,
ਜੋੜ ਦਿੱਤਾ ਹੈ ਨਾਲ ਗੁਮਾਨੀਏ ਦੇ ।
ਜਿਦ੍ਹੀ ਮਾਨ ਦੀ ਧੌਣ ਨਾ ਹੋਈ ਨੀਵੀਂ,
ਖਿੱਚੀ ਰਹੇ ਹੈ ਵਾਂਙ ਕਮਾਨੀਏ ਦੇ।
ਕਰਦਾ ਦਰਦ ਦੀ ਗਲ ਨਾ ਕਦੀ ਆਕੇ,
ਰਹੇ ਆਕੜਿਆ ਵਾਂਙ ਕਰਾਨੀਏ ਦੇ।
ਨੱਕੋਂ ਕਿਰਨ ਵਿਨੂੰਹੇਂ ਹੀ ਨਿੱਤ ਉਸਦੇ,
ਕੌਣ ਭੇਤ ਪਾਵੇ ਮਾਨ ਮਾਨੀਏ ਦੇ । ੧ ।
ਨਿਨਾਣ-
ਐਸੇ ਬੋਲ ਨਾ ਭਾਬੀਏ ਬੋਲ ਮੂੰਹੋਂ,
ਕੁਲਵੰਤੀਆਂ ਨੂੰ ਇਹ ਨਾ ਸੋਭਦਾ ਨੀ ।
ਮੇਰਾ ਵੀਰ ਨਾ ਗਰਬਿ ਗੁਮਾਨੀਆ ਹੈ,
ਕਿਉਂ ਤੂੰ ਵਾਕ ਆਖੇਂ ਭਾਬੀ ! ਖੋਭਦੇ ਨੀ ?