ਤੇਰੇ ਝੂਠ ਨੂੰ ਵੀਰ ਨੇ ਤਾੜ ਲੀਤਾ,
ਇਕ ਵੈਰ ਨਾ, ਬਹੁਤ ਹੀ ਵਾਰ, ਭਾਬੀ।
ਦਿਲ ਓਸ ਦਾ ਟੁੱਟਿਆ ਏਸ ਗੱਲੇ,
ਰਿਹਾ ਤੁੱਧ ਦਾ ਨਾ ਇਤਬਾਰ, ਭਾਬੀ।
ਧੁੱਖ ਨਾਂਹ ਤੇ ਦੇਹ ਉਲਾਂਛੜੇ ਨੀ,
ਵਿਗੜੀ ਗਲ ਨੂੰ ਕਿਵੇਂ ਸੁਆਰ. ਭਾਬੀ ।
ਛਡ ਮਾਨ ਤੇ ਹੋ ਨਿਮਾਨੜੀ ਨੀ,
ਚਰਨ ਪਕੜ ਕੇ ਮੰਨ ਲੈ ਹਾਰ, ਭਾਬੀ। ੯॥
ਭਾਬੀ-
ਮੇਰੇ ਝੂਠ ਨਿਤਾਰਣੇ ਜਾਨਣੀ ਏਂ,
ਕਦੀ ਲਈ ਆ ਵੀਰ ਦੀ ਸਾਰ, ਨਣਦੇ।
ਜੋ ਕੁਛ ਕਰੇ ਅਨੀਤੀਆਂ ਨਾਲ ਮੇਰੇ,
ਕਦੀ ਓਸ ਨੂੰ ਪੁੱਛ ਵੰਗਾਰ ਨਣਦੇ ।
ਹੀਣੀ ਲੱਭ ਅਸਾਮੜੀ ਮੁੱਝ ਤਾਈਂ,
ਸਿਰ ਸੁੱਟਿਆ ਕਣਕ ਦਾ ਭਾਰ ਨਣਦੇ ।
ਅੰਤ ਮਾਪਿਆਂ ਜਾਇਆ ਵੀਰ ਪਯਾਰਾ,
ਪ੍ਰਾਈ ਜਾਈ ਹੈ ਨਹੀਂ ਦਰਕਾਰ ਨਣਦੇ । ੧੦
ਦਿੱਤਾ ਕਦੀ ਦਿਲਾਸੜਾ ਓਸ ਨਾਂਹੀ,
ਸੁਣੀ ਕਦੀ ਨਾ ਦੁੱਖ ਤੇ ਸੁੱਖ ਦੀ ਨੀ ।
ਜੇ ਮੈਂ ਆਪ ਨਿਕਾਰੀ ਬੁਲਾਂਵਦੀ ਹਾਂ,
ਅਗੋਂ ਬਾਤ ਨ ਬੋਲਦਾ ਰੁੱਖ ਦੀ ਨੀ।
ਪੁੱਛਾਂ ਗੱਲ ਤਾਂ ਆਖਦਾ 'ਕੀਹ ਤੈਨੂੰ',
'ਮੈਨੂੰ ਕੀਹ' ਦੀ ਗੱਲ ਉੱਠ ਧੁੱਖਦੀ ਨੀ ।
ਨਾਂ-ਧੀਕ ਏ ਕੰਤ ਸਿਰ ਸੋਭਦਾ ਏ
ਜਿਵੇਂ ਝਾਲ ਦੇਂਦੇ ਟਾਂਡੇ ਉੱਖ ਦੀ ਨੀ । ੧੧ ।