ਝੂਠ ਸੱਚ ਜਹਾਨ ਹੀ ਬੋਲਦਾ ਹੈ,
ਭੁੱਲ ਗਈ ਦੀ ਅੰਤ ਨੂੰ ਸਾਰ ਲੇਵੇ ।
ਅਗੋਂ ਰਹਾਂਗੀ ਸਦਾ ਸੁਚੇਤ, ਨਣਦੇ,
ਬੋਲਾਂ ਫੇਰ ਤਾਂ ਧੱਕੜਾ ਮਾਰ ਦੇਵੇ ।੨੧॥
ਨਿਨਾਣ-
ਅੱਧ ਮੰਨੀ ਏਂ ਅੱਧ ਬੀ ਹੋਰ ਮੰਨੀਂ,
ਤੇਰੇ ਚਰਨ ਮੈਂ ਆਪ ਹੁਣ ਪਰਸਦੀ ਹਾਂ ।
ਹੋ ਨਿਮਾਨੜੀ ਵੀਰ ਦੀ ਥਾਉਂ ਭਾਬੀ,
ਤੁਹਾਡੇ ਮੇਲ ਨੂੰ ਵੇਖਣਾ ਤਰਸਦੀ ਹਾਂ ।
ਹੱਸਾਂ, ਜਦੋਂ ਇਕ ਮਿਕ ਮੈਂ ਹੋਏ ਵੇਖਾਂ,
ਲੜੇ ਵੇਖ ਕੇ ਮੇਘ ਜਯੋਂ ਬਰਸਦੀ ਹਾਂ।
ਜੇਕਰ ਕਰੇਂ ਕਬੂਲ ਏ ਅਰਜ਼ ਮੇਰੀ,
ਫੁਲ ਵੇਲ ਦੇ ਵਾਂਗ ਸਰੱਸਦੀ ਹਾਂ ।੨੨।
ਭਾਬੀ-
ਹਾਰ ਮੰਨਿਆਂ ਬਾਝ ਨਾ ਛੁਟੇ ਖਹਿੜਾ,
ਛਡੀ ਬਾਣ ਹੁਣ ਲੂਣ ਮੈਂ ਤੋਲਣੇ ਦੀ ।
ਬਾਣ ਵੀਰ ਨੂੰ ਆਖ ਓ ਛਡ ਦੇਵੇ,
ਮੇਰੇ ਗੁੱਝੜੇ ਭੇਦ ਫਰੋਲਣੇ ਦੀ।
ਥੋੜਾ ਬੋਲਸਾਂ, ਬੋਲਸਾਂ ਸੱਚ ਸਾਰਾ,
ਛਡੀ ਆਸ ਦਿਲ ਆਪਣਾ ਖੋਲ੍ਹਣੇ ਦੀ ।
ਕਰਾਂ ਕੈਦੀਆਂ ਵਾਂਗ ਮੈਂ ਉਮਰ ਪੂਰੀ,
ਸਿੱਕ ਛਡ ਅਨੰਦਾਂ ਨੂੰ ਟੋਲਣੇ ਦੀ ।੨੩।
ਭੁੱਲ ਸੋਧ ਲੈਸਾਂ ਪਰ ਇਹ ਪੱਕ ਜਾਣੀਂ,
ਪੇਰੀਂ ਪੈਂਦੀ ਨ ਤੁੱਧ ਦੇ ਵੀਰ ਦੀ ਹਾਂ ।
ਝੂਠ ਕਦੀ ਨਾ ਬੋਲਸਾਂ ਮਰਾਂ ਭਾਵੇਂ,
ਪੈਰੀਂ ਪਵਾਂ ? ਕੀ ਧੀ ਫਕੀਰ ਦੀ ਹਾਂ ?