ਖਿੱਚ ਕੇ ਗਲ 'ਚ ਪਿਆ ਮੰਗਲਸੂਤਰ
ਭੁਲਾਕੇ ਹੱਥਾਂ ਦੀਆਂ ਹੱਥਕੜੀਆਂ
ਤੇ ਲਾਹ ਕੇ ਪੈਰਾਂ ਦੀਆਂ ਬੇੜੀਆਂ
ਦਗ ਪਿਆ ਚਿਹਰਾ ਉਸਦਾ
(ਅਮਰਜੀਤ ਕੌਂਕੇ, ਸ਼ਬਦ ਰਹਿਣਗੇ ਕੋਲ)
ਪੰਜਾਬੀ ਕਵਿਤਾ ਦਾ ਇਕ ਵੱਡਾ ਹਿੱਸਾ ਘਰ ਅਤੇ ਰਿਸ਼ਤਿਆਂ ਦੇ ਉੱਪਰ ਪਰਿਹਾਰ ਕਰਦਾ ਹੈ। ਬਿਨਾਂ ਸ਼ੱਕ ਜਾਗੀਰੂ ਘਰ-ਪਰਿਵਾਰ ਅਤੇ ਰਿਸ਼ਤਿਆਂ ਦਾ ਨੈੱਟਵਰਕ ਪਿਤਾ- ਪੁਰਖੀ ਸੱਤਾ ਕਾਰਨ ਦਮਨਕਾਰੀ ਹੈ ਪਰੰਤੂ ਇਨ੍ਹਾਂ ਰਿਸ਼ਤਿਆਂ ਤੋਂ ਇਨਕਾਰ ਸਿਰਫ਼ ਤੇ ਸਿਰਫ਼ ਕਾਮਨਾਮਈ ਰੂਪ 'ਚ ਹੋਕੇ ਦੇਹਵਾਦੀ ਸਰੋਕਾਰਾਂ ਤੱਕ ਹੀ ਸੁੰਗੜ ਜਾਵੇ ਤਾਂ ਇਹ ਹੋਰ ਵੀ ਵਧੇਰੇ ਖ਼ਤਰਨਾਕ ਹੋਵੇਗਾ ਕਿਉਂਕਿ ਜਾਗੀਰੂ ਕਦਰ ਪ੍ਰਬੰਧ ਵਾਲੇ ਘਰ ਪਰਿਵਾਰ ਦੇ ਦਮਨ ਨੂੰ ਅਨਾਰਕਿਸਟ ਰੂਪ 'ਚ ਹੀ ਤਹਿਸ ਨਹਿਸ ਕਰਕੇ ਸਰਮਾਏਦਾਰਾਨਾ ਵਿਅਕਤੀਗਤ ਆਜ਼ਾਦੀ ਵਿਚ ਉਸ ਤੋਂ ਮੁਕਤ ਹੋਣਾ ਤਸੱਵਰ ਕਰ ਲੈਣਾ ਬਹੁਤ ਵੱਡੀ ਭੁੱਲ ਹੈ। ਇਤਿਹਾਸ ਗਵਾਹ ਹੈ ਕਿ ਸਰਮਾਏਦਾਰਾਨਾ ਵਿਅਕਤੀਗਤ ਆਜ਼ਾਦੀ ਦਮਨ ਦੀ ਘਿਨਾਉਣੀ ਹਕੀਕਤ ਹੈ ਜਿਸਨੂੰ ਪੱਛਮ ਭੁਗਤ ਰਿਹਾ ਹੈ। ਵਿਅਕਤੀਗਤ ਆਜ਼ਾਦੀ ਦੀ ਭਾਵਨਾ ਨਾਲ ਲਬਰੇਜ਼ ਇਹ ਕਵਿਤਾ ਘਰ-ਪਰਿਵਾਰ ਅਤੇ ਰਿਸ਼ਤਿਆਂ ਤੋਂ ਮੁਨਕਰ ਹੋਕੇ ਇਹ ਸੱਤਾ ਨੂੰ ਕੋਈ ਵੰਗਾਰ ਪੇਸ਼ ਨਹੀਂ ਕਰਦੀ ਸਗੋਂ ਸੱਤਾ ਨੂੰ ਸਰਵ ਕਰਨ ਲੱਗ ਪੈਂਦੀ ਹੈ।
ਨਵੀਂ ਪੰਜਾਬੀ ਕਵਿਤਾ ਵਿਚ ਉਪਭੋਗਤਾ,ਮੰਡੀ, ਇਸ਼ਤਿਹਾਰ ਅਤੇ ਵਸਤਾਂ ਦਾ ਬਹੁਤ ਵਿਰੋਧ ਹੈ ਤੇ ਵਿਰੋਧ ਵੀ ਬਹੁਤ ਉੱਚੀ ਸੁਰ ਵਿਚ ਹੈ। ਜਿਸ ਕਵਿਤਾ ਕੋਲ ਵਿਚਾਰਧਾਰਕ ਸੂਝ ਨਹੀਂ ਹੈ, ਉਹ ਇਨ੍ਹਾਂ ਮਸਲਿਆਂ ਨਾਲ ਸ਼ਬਦੀ ਜੰਗ ਲੜਦੀ ਹੈ। ਅਜਿਹੀ ਕਵਿਤਾ ਉਪਭੋਗਤਾਵਾਦ ਨੂੰ ਮਹਿਜ਼ ਵਸਤਾਂ ਤੱਕ ਦੇਖ ਰਹੀ ਹੈ। ਇਹ ਉਸ ਸਾਜਿਸ਼ ਨੂੰ ਨਹੀਂ ਪਛਾਣਦੀ ਜਿਸ ਨਾਲ ਮਨੁੱਖੀ ਸੰਵੇਦਨਾ ਨੂੰ ਸੁੰਨ ਕਰਕੇ ਉਸਨੂੰ ਸਮਾਜਕਤਾ ਤੋਂ ਵਿਛੁੰਨਿਆਂ ਜਾਂਦਾ ਹੈ। ਸਮਾਜਕਤਾ ਤੋਂ ਵਿਛੁੰਨਣਾ ਤੇ ਸਵੈ ਤੱਕ ਸੁੰਗੇੜ ਦੇਣ ਦਾ ਵਰਤਾਰਾ ਐਨਾ ਖ਼ਤਰਨਾਕ ਹੈ ਕਿ ਮਨੁੱਖ ਲਗਾਤਾਰ ਸਮਾਜ ਤੋਂ ਨਿਰਲੇਪ ਅਤੇ ਸਿੱਥਲ ਹੁੰਦਾ ਚਲਿਆ ਜਾਂਦਾ ਹੈ। ਸਮਾਜੀ ਜੀਵਨ ਬਾਰੇ ਉਸਦਾ ਸੋਚਣਾ ਜਾਂ ਕਲਪਨਾ ਕਰਨਾ ਖ਼ਤਮ ਹੁੰਦਾ ਚਲਿਆ ਜਾਂਦਾ ਹੈ। ਵਸਤਾਂ ਦੀ ਉਪਭੋਗਤਾ ਦੇ ਖਲਜਗਣ ਵਿਚ ਫਸਿਆ ਉਹ ਸੱਤਾ, ਪ੍ਰਬੰਧ ਅਤੇ ਆਪਣੇ ਉੱਤੇ ਹੋ ਰਹੇ ਦਮਨ ਪ੍ਰਤੀ ਖ਼ਾਮੋਸ਼ ਹੋ ਜਾਂਦਾ ਹੈ। ਇਹ ਖ਼ਾਮੋਸ਼ੀ ਦੀ ਰਾਜਨੀਤੀ ਸਭ ਤੋਂ ਖ਼ਤਰਨਾਕ ਹੁੰਦੀ ਹੈ। ਇਸੇ ਨੂੰ ਪਾਸ਼ 'ਸਭ ਤੋਂ ਖ਼ਤਰਨਾਕ' ਕਵਿਤਾ ਵਿਚ ਅੰਕਿਤ ਕਰਦਾ ਹੈ। ਨਵੀਂ ਪੰਜਾਬੀ ਕਵਿਤਾ ਦਾ ਵੱਡਾ ਹਿੱਸਾ ਇਸ ਖ਼ਾਮੋਸ਼ੀ ਦੀ ਰਾਜਨੀਤੀ ਦਾ ਸ਼ਿਕਾਰ ਹੈ। ਇਸ ਕਰਕੇ ਇਹ ਨਾਹਵਾਦੀ ਯਥਾਰਥ ਦੇ ਵਿਰੋਧ ਦੀ ਕਵਿਤਾ ਮਸਲਿਆਂ ਅਤੇ ਵਰਤਾਰਿਆਂ ਦੀ ਤਹਿ ਵਿਚ ਨਾ ਜਾ ਕੇ ਮਨੁੱਖੀ ਸੋਚ ਨੂੰ ਸਾਣ 'ਤੇ ਨਹੀਂ ਲਾ ਰਹੀ ਜਿਸ ਨਾਲ ਉਹ ਆਪਣੇ ਯੁੱਗ ਨੂੰ ਸਮਝਣ ਦੇ ਯੋਗ ਹੋ ਸਕੇ।