ਤੂੰ ਜੋ ਵਾਪਰ ਰਿਹੈਂ
ਕਿਸੇ ਕ੍ਰਿਸ਼ਮੇਂ ਵਾਂਗ
ਬਹਿ ਰਿਹੈ ਮੇਰੇ ਅੰਦਰ
ਕਿਸੇ ਪਹਾੜੀ ਚਸ਼ਮੇ ਵਾਂਗ
ਮੈਂ ਜੋ ਪਈ ਹੋਈ ਸਾਂ ਜੰਗਲ ਵਿਚ
ਖ਼ਾਮੋਸ਼ ਤੇਲ ਵਾਂਗ
ਝੂਲ ਗਈ ਹਾਂ ਤੇਰੇ ਨਾਲ
ਕਿਸੇ ਵੇਲ ਵਾਂਗ
ਸੱਜਣ
ਤੂੰ ਇਕ ਵਿਰਾਟ ਰੁੱਖ
ਤੇ ਮੈਂ ਤੇਰੀ ਗੂੜ੍ਹੀ ਛਾਂ ਦੀ ਚੁੱਪ........
(ਸਿਮਰਤ ਗਗਨ, ਤਸਬੀ, ਪੰਨਾ-82)
ਨਾਰੀ ਕਵਿਤਾ ਦਾ ਵੱਡਾ ਹਿੱਸਾ ਇਨਕਾਰ, ਅਸਵੀਕਾਰ ਅਤੇ ਵਿਸਥਾਪਤੀ ਨਾਲ ਸੰਬੰਧ ਹੈ। ਇਨਕਾਰ ਅਤੇ ਅਸਵੀਕਾਰ ਤੋਂ ਬਾਅਦ ਇਸ ਕਵਿਤਾ ਦੀ ਠਾਹਰ ਮਨਇੱਛਤ ਰਿਸ਼ਤੇ ਦੋਸਤ/ਮਹਿਬੂਬ ਵਿਚ ਬਣਦੀ ਹੈ। ਇਹ ਰਿਸ਼ਤਾ ਸਮਾਜਕਤਾ 'ਚ ਰੂਪਾਂਤਰਿਤ ਹੋਣ ਤੋਂ ਪਹਿਲਾਂ ਵੀ ਜਾਂ ਬਾਅਦ ਵਿਚ ਵਿਸ਼ਾਦ ਦੀ ਸਥਿਤੀ 'ਚ ਬਦਲ ਜਾਂਦਾ ਹੈ ਕਿਉਂਕਿ ਨਾਰੀ ਕਾਵਿ ਵਿਵਸਥਾਵੀ ਪ੍ਰਬੰਧ ਅਤੇ ਪਿਤਰਕੀ ਅਵਚੇਤਨ ਨੂੰ ਨਹੀਂ ਸਮਝਦਾ ਪਰੰਤੂ ਨਵੀਂ ਕਵਿਤਾ ਦਾ ਅਲਪ ਹਿੱਸਾ ਨਾਰੀ ਦੀ ਹੋਂਦ ਅਤੇ ਹਸਤੀ ਨੂੰ ਭਾਵੁਕ, ਰੋਮਾਂਸੀ ਅਤੇ ਕਲਪਿਤ ਚਿੱਤਰਾਂ ਦੀ ਥਾਵੇਂ ਵਿਵੇਕਮਈ ਅਤੇ ਚਿੰਤਨਸ਼ੀਲ ਦ੍ਰਿਸ਼ ਵਿਚ ਸਿਰਜਦਾ ਹੈ। ਇਹ ਦ੍ਰਿਸ਼ ਨਾਰੀ ਦੀ ਹੋਂਦ ਨੂੰ ਸਮਾਜਕ ਫ਼ਿਕਰ ਅਤੇ ਸਰੋਕਾਰ ਦੇ ਰੂਪ 'ਚ ਸੰਚਾਰਦੇ ਹਨ। ਇਸੇ ਕਰਕੇ ਇਹ ਕਵਿਤਾ ਮੋਨੋਲਾਗ ਦੀ ਥਾਵੇਂ ਸੰਵਾਦ ਅਤੇ ਭਾਵੁਕ ਇਨਕਾਰ ਦੀ ਥਾਵੇਂ ਵਿਚਾਰਧਾਰਕ ਸੂਝ ਨਾਲ ਪੇਸ਼ ਕਰਦੀ ਹੈ:-
ਮੈਂ ਇਕ ਅਸਵੀਕ੍ਰਿਤ ਪਾਤਰ ਹਾਂ
ਦੋਹਾਂ ਹੀ ਧਿਰਾਂ ਨੂੰ ਅਸਵੀਕਾਰ
ਇਕ ਧਿਰ ਨੂੰ
ਸਿਰਫ਼ ਏਹੀ ਯਾਦ ਰਹਿੰਦਾ
ਕਿ ਮੈਂ ਇਕ ਔਰਤ ਹਾਂ
ਦੂਜੀ ਧਿਰ
ਸਿਰਫ਼ ਏਹੀ ਭੁੱਲ ਜਾਂਦੀ
ਕਿ ਮੈਂ ਇਕ ਔਰਤ ਹਾਂ
(ਨੀਤੂ ਅਰੋੜਾ, ਸਵਾਲਾਂ ਦੇ ਸਨਮੁੱਖ, ਪੰਨਾ-27)