ਕਵੀ ਦਾ ਹਾੜਾ
੧. ਰਫੀਕੋ ! ਮੇਰੇ ਹਾਲ ਤੇ ਤਰਸ ਖਾ ਕੇ,
ਏ ਦੱਸੋ ਕਿ ਮੇਰਾ ਜਨਮ ਕਿਸ ਲਈ ਸੀ ?
ਕਜ਼ਾ ਨੇ ਉਤਾਰਨ ਲਗੇ ਆਸਮਾਨੋਂ,
ਮੇਰੇ ਵਾਸਤੇ, ਕਿਉਂ ਇਹੋ ਥਾਂ ਚੁਗੀ ਸੀ ?
ਗ਼ਰੀਬਾਂ ਗ਼ੁਲਾਮਾਂ, ਮਜ਼ੂਰਾਂ ਦੀ ਧਰਤੀ,
ਨ ਹਾਸਾ, ਨ ਖੇੜਾ, ਨ ਕਪੜਾ, ਨ ਰੋਟੀ।
ਨਿਖੇੜੇ, ਬਖੇੜੇ, ਲੜਾਈ, ਭਿੜਾਈ,
ਪਰਹੇ ਆਪਣੀ ਤੇ ਅਦਾਲਤ ਪਰਾਈ।
੨. ਕਵੀ ਹੋ ਕੇ ਦਿਲ ਦੀ ਮੈਂ ਕਿਸ ਨੂੰ ਸੁਣਾਵਾਂ ?
ਉਮਲ ਪੈਣ ਹੰਝੂ, ਤਾਂ ਕਿਸ ਥਾਂ ਵਹਾਵਾਂ ?
ਮੈਂ ਖੋਲਾਂ ਕਿਵੇਂ ਜੀਭ ਦੇ ਜੰਦਰੇ ਨੂੰ ?
ਕਿਦੇ ਤੋਂ ਪੁਰਾਣਾ ਤਲਿਸਮ ਤੁੜਾਵਾਂ ?
ਨ ਰ ਹੈ, ਨ ਯਾਰੀ, ਨ ਹਿੰਮਤ, ਨ ਏਕਾ,
ਨ ਹਥ ਪੈਰ ਖੁਲ੍ਹੇ, ਨ ਦਾਰੂ ਨ ਸਿੱਕਾ ।
ਭਗੀਰਥ ਦੀ ਗੰਗਾ ਕਿਵੇਂ ਮੋੜ ਖਾਵੇ ?
ਲਿਖੀ ਹੋਈ ਤਕਦੀਰ ਕੀਕਰ ਵਟਾਵਾਂ ?
ਲਹੂ ਜਮ ਚੁਕੇ ਨੂੰ ਕਿਵੇਂ ਸੇਕ ਆਵੇ ?
ਤੇ ਪੱਥਰ ਹਟਾ ਕੇ ਹਵਾ ਕੌਣ ਲਾਵੇ ?