ਨਾ ਅਪਣੀ ਜੂਨ ਸੁਆਰੀ, ਤੇ ਨ ਕਿਸੇ ਦੀ,
ਬਹਿ ਕੇ ਟੋਹੀ ਨਹੀਂ ਨਾੜ ਕਿਸੇ ਹਿਰਦੇ ਦੀ ।
ਅੰਦਰ ਮੇਰੇ ਤੰਦੂਰ ਜਿਹਾ ਤਪਦਾ ਹੈ,
ਪਰ ਬੇਬਸ ਪਾਸੋਂ ਹੋ ਕੁਝ ਨਹੀਂ ਸਕਦਾ ਹੈ।
ਜਿਉਂ ਜਿਉਂ ਹੁੰਦੀ ਹੈ ਦੇਰ, ਗਰਕਦਾ ਜਾਵਾਂ,
ਮੈਂ ਸ਼ਰਮ ਮਾਰਿਆ ਧੌਣ ਨ ਉਤਾਂਹ ਉਠਾਵਾਂ ।
ਪਰ ਆਸ਼ਾ ਮੇਰੀ ਤਾਰ ਵਧਾਈ ਜਾਵੇ,
ਝਾੜੇ ਝੰਬੇ ਹੋਏ ਖੰਭ ਉਗਾਈ ਜਾਵੇ ।
ਹਰ ਘੜੀ ਨਵਾਂ ਇਤਿਹਾਸ ਬਣਾ ਸਕਦੀ ਹੈ,
ਹਰ ਹੋਣੀ ਸਜਰਾ ਦੌਰ ਲਿਆ ਸਕਦੀ ਹੈ।
ਮੈਂ ਮੁਠ ਵਿਚ ਮੌਤ ਹਯਾਤ ਸਾਂਭ ਕੇ ਰਖੀਆਂ,
ਆਜ਼ਾਦੀ ਦਾ ਦਿਨ ਦੇਖ ਲੈਣ ਏਹ ਅਖੀਆਂ।