ਮੈਂ ਉਦਾਸ ਜਿਹਾ ਹੋ ਗਿਆ ਕਿਉਕਿ ਰੋਣਾ ਤੇ ਹੱਸਣਾ ਜੀਵਨ ਦੇ ਬਦਲਦੇ ਪਰਛਾਵੇਂ ਹਨ। ਮੈਂ ਇਕ ਨੂੰ ਸੁੱਖਾਂ ਨਾਲ ਭਰਿਆ ਵੇਖ ਕੇ ਚੁਣਿਆ ਸੀ। ਉਸ ਦੇ ਨਾਲ ਦੂਜੇ ਦਾ ਆ ਜਾਣਾ ਕੁਦਰਤੀ ਸੀ। ਬਾਬੂ ਟਿਕਟਾਂ ਦੇਣ ਲਗ ਪਏ। ਪੇਂਡੂ ਸਟੇਸ਼ਨ ਹੋਣ ਤੇ ਵੀ ਏਥੇ ਕਾਫੀ ਭੀੜ ਹੋ ਜਾਂਦੀ ਸੀ। ਸਟੇਸ਼ਨ ਦੁਆਲੇ ਸੁਹਣੀ ਹਰਿਆਵਲ ਸੀ। ਮੈਂ ਮੁਸਾਫ਼ਰਾਂ ਨੂੰ ਪ੍ਰਸੰਨ ਚਿੱਤ ਵੇਖ ਰਿਹਾ ਹਾਂ, ਜਾਂ ਨਹੀਂ ਸੀ ਕਿਹਾ ਜਾ ਸਕਦਾ ਕਿ ਮੇਰੀ ਅੰਦਰਲੀ ਪ੍ਰਸੰਨਤਾ ਕੁਦਰਤ ਦੇ ਅੰਗਾਂ ਵਿਚ ਅਦਭੁਤ ਨਿਰਤ ਕਰ ਰਹੀ ਸੀ।
ਇਕ ਵੀਹ ਕੁ ਸਾਲ ਦੀ ਕੁੜੀ ਦਫਤਰ ਅੰਦਰ ਆਈ ਤੇ ਉਸ ਨੇ ਆਉਂਦਿਆਂ ਹੀ ਬਾਬੂ ਜੀ ਨੂੰ 'ਸਤਿ ਸ੍ਰੀ ਅਕਾਲ' ਕਹੀ। ਮੈਂ ਵੀ ਸਤਿਕਾਰ ਨਾਲ ਖੜ੍ਹਾ ਹੋ ਗਿਆ ਅਤੇ ਕੁਰਸੀ ਛੱਡਦਿਆਂ ਕਿਹਾ, 'ਬੈਠੋ ਜੀ?'
'ਨਹੀਂ, ਤੁਸੀਂ ਕੋਈ ਖ਼ਿਆਲ ਨਾ ਕਰੋ। ਇਹ ਆਖ ਉਹ ਵੱਡੀ ਸਾਰੀ ਮੇਜ਼ ਦੇ ਇਕ ਕੋਨੇ ਤੇ ਬਹਿ ਗਈ।
ਮੈਨੂੰ ਕਿਸੇ ਦਾ ਚਿਹਰਾ ਵੇਖ ਕੇ ਉਸ ਦਾ ਗੁਣ ਔਗੁਣ ਦਾ ਅੰਦਾਜ਼ਾ ਲਾਉਣ ਦੀ ਇਕ ਆਦਤ ਪਈ ਹੋਈ ਸੀ। ਉਸ ਕੁੜੀ ਨੂੰ ਵੀ ਮੈਂ ਆਪਣੀ ਆਦਤ ਅਨੁਸਾਰ ਵੇਖਣਾ ਸ਼ੁਰੂ ਕਰ ਦਿੱਤਾ। ਉਸ ਵਿਚ ਮਿਠਾਸ, ਇਉਂ ਜਾਪਦੀ ਸੀ, ਜਿਵੇਂ ਮੇਰੇ ਨੀਰਸ ਦਿਲ ਮਾਖੋ ਚੋ ਰਹੀ ਹੈ । ਕੋਮਲਤਾ, ਮੇਰੇ ਫਰਕਦੇ ਅੰਗਾਂ ਵਿੱਚ ਆਪ-ਮੁਹਾਰੇ ਨਿੱਸਲਤਾ ਆ ਰਹੀ ਸੀ। ਐਨੀ ਸ਼ਾਂਤ ਕਿ ਮੈਨੂੰ ਆਪਣੇ ਕਾਹਲੇ ਸੁਭਾਅ ਤੇ ਸ਼ਰਮ ਆ ਗਈ। ਹਸਮੁੱਖਤਾ ਦੇ ਚਿੰਨ੍ਹ, ਇਕ ਕਲੀ ਵਾਂਗ ਬੰਦ ਪਏ ਅਰਮਾਨ ਸਨ। ਹੁਸਨ, ਇਕ ਸਾਕਾਰ ਸਚਾਈ ਸੀ। ਤਿੱਖੇ ਨਕਸ਼ਾਂ ਵਿਚ ਉਹ ਮੈਥੋਂ ਵੀ ਬਾਜੀ ਲੈ ਗਈ ਸੀ। ਸੁਹਣੇ, ਸਾਫ਼ ਤੇ ਸਰੀਰ ਨਾਲੇ ਫਬੇ ਕਪੜਿਆਂ ਵਿਚ ਮੈਂ ਕਿਸੇ ਮਹਾਂ ਚਿਤ੍ਰਕਾਰ ਦਾ ਸ਼ਾਹਕਾਰ ਵੇਖ ਰਿਹਾ ਸਾਂ। ਉਸ ਨੂੰ ਵੇਖ ਕੇ ਮੇਰੀਆਂ ਅੱਖਾਂ ਹੈਰਾਨੀ ਵਿਚ ਠਠੰਬਰ ਗਈਆਂ। ਇਸ ਤੋਂ ਬਿਨਾਂ ਮੈਂ ਆਪਣੇ ਅੰਦਰ ਇਕ ਤਰ੍ਹਾਂ ਨੀਂਦ- ਨਸ਼ਾ ਜਿਹਾ ਵੀ ਪ੍ਰਤੀਤ ਕਰ ਰਿਹਾ ਸਾਂ।
ਮੈਂ ਉਸ ਵਿਚ ਔਗੁਣ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਹ ਫ਼ਿਤਰਤ ਦੇ ਉਲਟ ਸੀ, ਕਿਉਂਕਿ ਜਿਹੜੀ ਚੀਜ ਇਕ ਵਾਰ ਚੰਗੀ ਬਣ ਕੇ ਅੰਦਰ ਆਵੇ, ਉਸ ਦੇ ਨੁਕਸ ਵੀ ਚੰਗਿਆਈਆਂ ਵਿਚ ਬਦਲ ਜਾਂਦੇ ਹਨ। ਉਂਜ ਕੁੜੀਆਂ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਹਨ, ਪਰ ਉਸ ਵਿਚ ਸਿਫ਼ਤਾਂ ਦੀ ਕੁਝ ਵਧੇਰੇ ਹੀ ਲਾਮਡੋਰੀ ਸੀ। ਮੈਂ ਉਸ ਨੂੰ ਵੇਖ-ਵੇਖ ਇਕ ਅਜਿੱਤ ਤੇ ਨਵੀਂ ਖੁਸ਼ੀ ਅੰਦਰੇ ਅੰਦਰ ਮਾਣ ਰਿਹਾ ਸਾਂ। ਪਰ ਬਾਹਰੋਂ ਮਨੁੱਖੀ ਅਣਖ ਦਾ ਕਾਇਲ ਪੰਜਾਬੀ ਮਾਸਕ ਪੱਤਰ ਉਤੇ ਐਵੇਂ ਨਜ਼ਰਾਂ ਸੁੱਟ ਰਿਹਾ ਸਾਂ।
ਸਟੇਸ਼ਨ ਮਾਸਟਰ ਆਪਣੇ ਕੰਮ ਵਲੋਂ ਵਿਹਲੇ ਹੋਏ ਅਤੇ ਮੈਨੂੰ ਪੁੱਛਣ ਲੱਗੇ, 'ਅੱਜ ਕਲ੍ਹ ਕੀ ਵਿਚਾਰਦੇ ਹੋ ?
'ਆਤਮ ਸਿਧਾਂਤ।'
'ਤੁਸੀ ਭਗਤੀ ਦੇ ਕਾਇਲ ਹੋ ਜਾਂ ਗਿਆਨ ਦੇ ?"
'ਭਗਤੀ ਵਿਚ ਦੀ ਲੰਘ ਕੇ ਹੀ ਇਕ ਜਗਿਆਸੂ ਗਿਆਨ ਤੱਕ ਪੁੱਜਦਾ ਹੈ, ਮੈਂ ਨਿਰਸੰਦੇਹ ਗਿਆਨ ਨੂੰ ਅਧਿਕਤਾ ਦੇਂਦਾ ਹਾਂ।