ਹਨ। ਇਕ ਕਲਾ ਕਿਰਤ ਤਾਂ ਧੁੰਦ ਨੂੰ ਮੂਰਤੀ ਦਾ ਰੂਪ ਦੇਣਾ ਹੁੰਦਾ ਹੈ ਤੇ ਇਹ ਮੂਰਤੀ ਰੂਪ ਮਿਲਦਾ ਹੈ ਲੈਬਨਾਨ ਦੇ ਅਗਾਂਹ-ਵਧੂ ਵਿਚਾਰਾਂ ਦੇ ਧਾਰਨੀ ਸਾਹਿਤਕਾਰ ਖ਼ਲੀਲ ਜਿਬਰਾਨ ਦੀਆਂ ਰਚਨਾਵਾਂ, ਕਲਾ-ਕਿਰਤਾਂ ਤੇ ਚਿਤਰਾਂ ਵਿੱਚੋਂ ਜਿਸ ਨੇ ਸਾਰੇ ਸਮਾਜਕ ਤੇ ਧਾਰਮਕ ਪਿਛਾਂਹ-ਖਿਚੂ ਬੰਧਨ ਤੋੜ ਕੇ ਇਕ ਅਜਿਹੀ ਪਰੰਪਰਾ ਕਾਇਮ ਕੀਤੀ ਜਿਸ ਨੇ ਸਾਹਿਤ ਜਗਤ ਵਿਚ ਉਸ ਦੀ ਨਿਵੇਕਲੀ ਥਾਂ ਬਣਾ ਦਿੱਤੀ। ਖ਼ਲੀਲ ਜਿਬਰਾਨ ਆਪ ਲਿਖਦਾ ਹੈ, “ਮਹਾਨ ਮਨੁੱਖ ਦੇ ਦੋ ਦਿਲ ਹੁੰਦੇ ਹਨ : ਇਕ 'ਚੋਂ ਖੂਨ ਵਗਦਾ ਹੈ ਤੇ ਦੂਸਰਾ ਸਹਿਣ ਕਰਦਾ ਹੈ।” ਇਹ ਵਿਚਾਰ ਉਸਦੇ ਆਪਣੇ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ—ਸਮਾਜ ਦਾ ਜਿਹੜਾ ਕੋਹਝਾ ਰੂਪ ਉਸ ਵੇਖਿਆ, ਮਹਿਸੂਸ ਕੀਤਾ, ਆਪਣੇ ਆਪ ਉੱਤੇ ਹੰਢਾਇਆ, ਉਹੀ ਉਸਦੀਆਂ ਲਿਖਤਾਂ ਵਿੱਚੋਂ ਉਭਰ ਕੇ ਸਾਹਮਣੇ ਆਉਂਦਾ ਹੈ। ਪਰ ਨਾਲ ਹੀ ਉਹ ਇਹ ਵੀ ਸਪੱਸ਼ਟ ਕਰਦਾ ਹੈ, “ਹਰ ਵਿਚਾਰ ਜਿਸ ਨੂੰ ਮੈਂ ਆਪਣੇ ਪ੍ਰਗਟਾ ਵਿਚ ਕੈਦ ਕੀਤਾ ਹੈ, ਆਪਣੇ ਅਮਲਾਂ ਨਾਲ ਮੁਕਤ ਕਰਾਂਗਾ।" ਇਹ ਪ੍ਰਗਟਾ ਅਤੇ ਅਮਲ ਉਸਦੀਆਂ ਰਚਨਾਵਾਂ ਵਿੱਚੋਂ ਆਪ ਮੁਹਾਰੇ ਉਭਰਕੇ ਸਾਹਮਣੇ ਆਉਂਦੇ ਹਨ।
ਖ਼ਲੀਲ ਜਿਬਰਾਨ ਨੇ ਜ਼ਿੰਦਗੀ ਨੂੰ ਇਕ ਨਵੇਂ ਤੇ ਅਨੋਖੇ ਦ੍ਰਿਸ਼ਟੀਕੋਣ ਤੋਂ ਵੇਖਿਆ। ਅਰਬ ਦੇਸ਼ਾਂ ਦੀ ਸਦੀਆਂ ਪੁਰਾਣੀ ਗੜਬੜ ਵਾਲੀ ਅੰਦਰੂਨੀ ਸਿਆਸਤ ਤੇ ਬਾਹਰੀ ਦਖ਼ਲ-ਅੰਦਾਜ਼ੀ ਦੇ ਬਾਵਜੂਦ ਉਸ ਦੀ ਨਿੱਜੀ ਸ਼ਖ਼ਸੀਅਤ ਕਾਇਮ ਹੀ ਨਾ ਰਹੀ ਸਗੋਂ ਹੋਰ ਉਭਰਕੇ ਸਾਹਮਣੇ ਆਈ । ਜਦਕਿ ਪੱਛਮੀ ਦੁਨੀਆਂ ਆਪਣੀਆਂ ਸਮੱਸਿਆਵਾਂ ਦਾ ਹਲ ਵਿਗਿਆਨ ਰਾਹੀਂ ਲੱਭ ਰਹੀ ਸੀ ਉਥੇ ਅਰਬ ਦੇਸ਼ਾਂ ਦੇ ਲੋਕ ਜ਼ਿੰਦਗੀ ਨੂੰ ਕਾਵਿਕ ਦੇ ਦਾਰਸ਼ਨਿਕ ਨਜ਼ਰੀਏ ਤੋਂ ਵੇਖਣ ਨੂੰ ਤਰਜੀਹ ਦੇਂਦੇ ਰਹੇ । ਇਥੋਂ ਦੇ ਲੇਖਕ ਨਾ ਤਾਂ ਧਾਰਮਿਕ ਕੱਟੜਦਾ ਨੂੰ ਬਿਆਨ ਕਰਦੇ ਹਨ ਨਾ ਹੀ ਵਿਗਿਆਨ ਵਲੋਂ ਪਾਏ ਭੁਲੇਖਿਆ ਦਾ ਸ਼ਿਕਾਰ ਹੁੰਦੇ ਹਨ। ਉਹ ਲਿਖਣ ਵਿਚ ਪੂਰੀ ਆਜ਼ਾਦੀ ਮਾਣਦੇ ਹਨ। ਇਸਦੀ ਮਿਸਾਲ ਖ਼ਲੀਲ ਜਿਬਰਾਨ ਦੇ ਰੂਪ ਵਿਚ ਸਾਡੇ ਸਾਹਮਣੇ ਹੈ ਅਤੇ ਜਿੰਨੇ ਮਾਨ ਸਨਮਾਨ ਦਾ ਉਹ ਹੱਕਦਾਰ ਹੈ, ਹੋਰ ਕੋਈ ਲੇਖਕ ਸ਼ਾਇਦ ਹੀ ਉਸਦਾ ਮੁਕਾਬਲਾ ਕਰ ਸਕੇ। ਪੂਰਬੀ ਦੇਸ਼ਾਂ ਦੇ ਸਾਹਿਤ ਜਗਤ ਵਿਚ ਜਿੰਨਾ ਵਧੀਆ ਤੇ ਉੱਚ ਪਾਏ ਦਾ ਸਾਹਿਤ ਰਚਿਆ ਗਿਆ ਹੈ, ਖ਼ਲੀਲ ਜਿਬਰਾਨ ਉਸ ਦੀ ਟੀਸੀ 'ਤੇ ਖੜਾ ਹੈ।