Back ArrowLogo
Info
Profile

ਅਲਮੁਸਤਫ਼ਾ ਚੁੱਪ ਸੀ, ਉਸ ਨੇ ਦੂਰ ਪਹਾੜੀਆਂ ਵਲ ਨਿਗਾਹ ਮਾਰੀ ਅਤੇ ਵਿਸ਼ਾਲ ਆਕਾਸ਼ ਵਲ ਵੀ; ਉਸ ਦੀ ਚੁੱਪ ਵਿਚ ਕਸ਼ਮਕਸ਼ ਸੀ।

ਉਸ ਨੇ ਚੁੱਪ ਤੋੜੀ ਤੇ ਕਹਿਣ ਲੱਗਾ, "ਮੇਰੇ ਦੋਸਤੋ, ਮੇਰੇ ਹਮਸਫ਼ਰ ਸਾਥੀਓ, ਉਸ ਕੌਮ ਦੀ ਹਾਲਤ ਤਰਸਯੋਗ ਹੈ ਜੋ ਵਿਸ਼ਵਾਸ ਕਰਦੀ ਹੈ ਪਰ ਧਰਮ ਤੋਂ ਬੇਮੁੱਖ ਹੈ।

"ਉਹ ਕੌਮ ਤਰਸ ਦੀ ਪਾਤਰ ਹੈ, ਜੋ ਕੱਪੜੇ ਤਾਂ ਪਹਿਣਦੀ ਹੈ ਪਰ ਆਪਣੇ ਹੱਥੀਂ ਬੁਣੇ ਹੋਏ ਨਹੀਂ; ਜੋ ਅੰਨ੍ਹ ਖਾਂਦੀ ਹੈ ਪਰ ਫ਼ਸਲ ਆਪ ਨਹੀਂ ਉਗਾਉਂਦੀ; ਵਾਈਨ ਪੀਂਦੀ ਹੈ ਪਰ ਆਪਣੀਆਂ ਮਸ਼ੀਨਾਂ ਰਾਹੀਂ ਤਿਆਰ ਨਹੀਂ ਕੀਤੀ ਹੁੰਦੀ।

“ਉਸ ਕੌਮ ਦੀ ਹਾਲਤ ਤਰਸਯੋਗ ਹੈ ਜੋ ਬਦਮਾਸ਼ਾਂ ਨੂੰ ਹੀਰੋ ਸਮਝਕੇ ਉਹਨਾਂ ਦੀ ਜੈ-ਜੈਕਾਰ ਕਰਦੀ ਅਤੇ ਵਿਖਾਵੇ ਦੇ ਜੇਤੂਆਂ ਨੂੰ ਪਰਉਪਕਾਰੀ ਸਮਝਦੀ ਹੈ।

"ਉਸ ਕੌਮ ਦੀ ਹਾਲਤ ਵੀ ਤਰਸਯੋਗ ਹੈ ਜੋ ਸੁਪਨੇ ਵਿਚ ਅਭਿਲਾਖਾ ਨੂੰ ਨਫ਼ਰਤ ਕਰਦੀ, ਪਰ ਜਾਗ੍ਰਤ ਅਵਸਥਾ ਵਿਚ ਉਸ ਅਗੇ ਹਥਿਆਰ ਸੁੱਟ ਦੇਂਦੀ ਹੈ।

"ਤਰਸਯੋਗ ਹੈ ਉਸ ਕੌਮ ਦੀ ਹਾਲਤ ਜੋ ਸਿਰਫ਼ ਜਨਾਜ਼ੇ ਨਾਲ ਜਾਂਦੀ ਹੋਈ ਹੀ ਆਵਾਜ਼ ਬੁਲੰਦ ਕਰਦੀ ਹੈ ਅੱਗੇ ਪਿੱਛੇ ਨਹੀਂ; ਆਪਣੀ ਬਰਬਾਦੀ ਤੋਂ ਇਲਾਵਾ ਕਦੇ ਵੀ ਵਧ ਚੜ੍ਹ ਕੇ ਗੱਲ ਨਹੀਂ ਕਰਦੀ ਅਤੇ ਸਿਰਫ਼ ਉਦੋਂ ਹੀ ਬਗ਼ਾਵਤ ਕਰੇਗੀ, ਜਦੋਂ ਇਸ ਦੀ ਗਰਦਨ ਤਲਵਾਰ ਤੇ ਤੱਖਤੇ ਵਿਚਕਾਰ ਕੱਟ ਜਾਣ ਲਈ ਪਈ ਹੋਵੇ।

"ਤਰਸ ਆਉਂਦਾ ਹੈ ਉਸ ਕੌਮ ਉੱਤੇ ਜਿਸਦਾ ਰਾਜਨੀਤੀਵੇਤਾ ਲੂੰਬੜ ਹੈ, ਦਾਰਸ਼ਨਿਕ ਇਕ ਮਦਾਰੀ ਅਤੇ ਜਿਸਦੀ ਕਲਾ ਗੰਢ-ਤੁਪ ਦੀ ਕਲਾ, ਬਹੁਰੂਪੀਆ ਅਤੇ ਮਜ਼ਾਕੀਆ ਹੋਵੇ।

“ਉਸ ਕੌਮ ਦੀ ਹਾਲਤ ਤਰਸਯੋਗ ਹੈ ਜੋ ਨਵੇਂ ਬਣੇ ਸ਼ਾਸਕ ਦਾ ਸੁਆਗਤ ਵਾਜਿਆਂ ਗਾਜਿਆਂ ਨਾਲ ਕਰਦੀ ਹੈ ਪਰ ਉਸ ਦਾ ਹੀ ਤ੍ਰਿਸਕਾਰ ਕਰਕੇ ਅਲਵਿਦਾ ਕਹਿੰਦੀ ਹੈ ਤਾ ਕਿ ਫਿਰ ਕਿਸੇ ਹੋਰ ਨਵੇਂ ਸ਼ਾਸਕ ਨੂੰ ਸ਼ਾਨ-ਸ਼ੌਕਤ ਨਾਲ ਜੀ ਆਇਆ ਕਹਿ ਸਕੇ।

29 / 76
Previous
Next