10
ਇਕ ਸਵੇਰ, ਜਦੋਂ ਪ੍ਰਭਾਤ ਦੀ ਪੀਲੀ ਭਾਅ ਮਾਰਦੀ ਲੋਅ ਹਾਲਾਂ ਵਾਤਾਵਰਣ ਉੱਤੇ ਛਾਈ ਹੋਈ ਸੀ, ਉਹ ਆਪਣੇ ਚੇਲਿਆਂ ਸਮੇਤ ਸਾਰੇ ਜਣੇ ਬਾਗ਼ ਵਿਚ ਜਾ ਪੁੱਜੇ ਅਤੇ ਪੂਰਬ ਦਿਸ਼ਾ ਵਲ ਝਾਤੀ ਮਾਰੀ, ਜਿਧਰੋਂ ਚੜ੍ਹਦਾ ਸੂਰਜ ਆਪਣੀਆਂ ਮੱਧਮ ਰਿਸ਼ਮਾਂ ਖਿਲਾਰਦਾ ਹੋਇਆ ਦਰਸ਼ਨ ਦੇ ਰਿਹਾ ਸੀ। ਇਹ ਨਜ਼ਾਰਾ ਵੇਖ ਕੇ ਉਹ ਮੌਨ ਸਨ।
ਥੋੜ੍ਹੀ ਦੇਰ ਬਾਅਦ ਚੁੱਪੀ ਨੂੰ ਤੋੜਦੇ ਹੋਏ ਅਲਮੁਸਤਫ਼ਾ ਉਂਗਲ ਨਾਲ ਇਸ਼ਾਰਾ ਕਰਦੇ ਹੋਏ ਕਹਿਣ ਲੱਗਾ, "ਤ੍ਰੇਲ ਤੁਪਕੇ ਵਿਚ ਪੈਂਦਾ ਪ੍ਰਭਾਤ ਦੇ ਸੂਰਜ ਦਾ ਪਰਛਾਵਾਂ ਸੂਰਜ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਤੁਹਾਡੀ ਰੂਹ ਵਿਚ ਜ਼ਿੰਦਗੀ ਦਾ ਪ੍ਰਤਿਬਿੰਬ ਜ਼ਿੰਦਗੀ ਨਾਲੋਂ ਕਿਸੇ ਤਰ੍ਹਾਂ ਘਟ ਨਹੀਂ ਹੈ।
"ਤ੍ਰੇਲ ਤੁਪਕੇ ਵਿਚ ਰੌਸ਼ਨੀ ਇਸ ਲਈ ਪ੍ਰਤਿਬਿੰਬਤ ਹੁੰਦੀ ਹੈ ਕਿਉਂਕਿ ਇਹ ਰੌਸ਼ਨੀ ਨਾਲ ਇਕਸੁਰ ਹੈ, ਇਸੇ ਤਰ੍ਹਾਂ ਤੁਹਾਡੇ ਵਿੱਚੋਂ ਜੀਵਨ ਦਾ ਝਲਕਾਰਾ ਪੈਂਦਾ ਹੈ ਕਿਉਂਕਿ ਤੁਸੀਂ ਜੀਵਨ ਨਾਲ ਇਕਸੁਰ ਹੋ।
"ਜਦੋਂ ਹਨੇਰੇ ਨੇ ਤੁਹਾਨੂੰ ਆਪਣੀ ਲਪੇਟ ਵਿਚ ਲਿਆ ਹੋਵੇ ਤਾਂ ਇਹੀ ਜਾਣੋ : 'ਇਹ ਹਨੇਰਾ ਅਣਜੰਮੀ ਪ੍ਰਭਾਤ ਹੈ ਅਤੇ ਭਾਵੇਂ ਰਾਤ ਦਾ ਦਰਦ ਮੇਰੇ ਉੱਤੇ ਪੂਰੀ ਤਰ੍ਹਾਂ ਹਾਵੀ ਹੈ, ਫਿਰ ਵੀ ਮੇਰੇ ਜੀਵਨ ਵਿਚ ਪ੍ਰਭਾਤ ਜ਼ਰੂਰ ਹੋਵੇਗੀ, ਜਿਵੇਂ ਪਹਾੜੀਆਂ ਉੱਤੇ ਉਹ ਆਪਣੀ ਲੋਅ ਖਿਲਾਰਦੀ ਹੈ।'
"ਧੁੰਦਲਕੇ ਵਿਚ ਲਿੱਲੀ ਫੁੱਲ ਦੇ ਦੁਆਲੇ ਜਦੋਂ ਤ੍ਰੇਲ ਤੁਪਕਾ ਆਪਣੀ ਹੋਂਦ ਕਾਇਮ ਕਰਦਾ ਹੈ ਤਾਂ ਉਹ ਤੁਹਾਡੇ ਵਾਂਗ ਹੀ ਕਰਦਾ ਹੈ ਜਿਵੇਂ ਤੁਸੀ ਪਰਮਾਤਮਾ ਦੇ ਦਿਲ ਵਿਚ ਆਪਣੀ ਰੂਹ ਨੂੰ ਕੇਂਦਰਿਤ ਕਰਦੇ ਹੋ।