13
ਹਫ਼ਤੇ ਦੇ ਪਹਿਲੇ ਦਿਨ ਜਦੋਂ ਚਰਚ ਦੀਆਂ ਘੰਟੀਆਂ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿਚ ਗੂੰਜੀ ਤਾਂ ਇਕ ਚੇਲਾ ਉਠਿਆ ਤੇ ਪੁੱਛਣ ਲੱਗਾ, "ਮੇਰੇ ਮਾਲਕ ਅਸੀ ਪਰਮਾਤਮਾ ਦੀ ਸਰਬ-ਵਿਆਪਕਤਾ ਬਾਰੇ ਬਹੁਤ ਕੁਝ ਸੁਣਿਆ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਅਤੇ ਹਕੀਕਤ ਵਿਚ ਉਹ ਪਰਮਾਤਮਾ ਕੌਣ ਹੈ ਜੋ ਸਤਿ ਹੈ?”
ਇਹ ਸੁਆਲ ਸੁਣਕੇ ਉਹ ਉਹਨਾਂ ਸਾਹਮਣੇ ਇੰਨੀ ਤਕੜਾਈ ਨਾਲ ਉਠ ਕੇ ਖੜਾ ਹੋ ਗਿਆ ਜਿਵੇਂ ਇਕ ਤਣਿਆ ਹੋਇਆ ਦਰੱਖ਼ਤ ਝੱਖੜ ਤੇ ਤੂਫ਼ਾਨ ਤੋਂ ਨਿੱਡਰ ਖੜਾ ਹੁੰਦਾ ਹੈ, ਫਿਰ ਉਹ ਦੱਸਣ ਲੱਗਾ, “ਮੇਰੇ ਪਿਆਰੇ ਸਾਥੀਓ, ਉਸ ਇਕ ਦਿਲ ਬਾਰੇ ਵਿਚਾਰ ਕਰੋ ਜਿਸ ਵਿਚ ਸਾਰੇ ਦਿਲ ਸਮਾਏ ਹੋਏ ਹਨ, ਉਸ ਪਿਆਰ ਬਾਰੇ ਸੋਚੋ ਜਿਸ ਵਿਚ ਤੁਹਾਡੇ ਸਾਰਿਆਂ ਦਾ ਅਥਾਹ ਪਿਆਰ ਸਮਾਇਆ ਹੋਇਆ ਏ, ਉਹ ਆਤਮਾ ਜਿਸ ਵਿਚ ਤੁਹਾਡੇ ਸਾਰਿਆਂ ਦੀਆਂ ਆਤਮਾਵਾਂ ਇਕ ਸੁਰ ਹਨ, ਉਹ ਆਵਾਜ਼ ਜਿਸ ਵਿਚ ਸਾਰਿਆਂ ਦੀਆਂ ਆਵਾਜ਼ਾਂ ਮੌਜੂਦ ਹਨ ਅਤੇ ਚੁੱਪ ਜੋ ਤੁਹਾਡੀ ਸਾਰਿਆਂ ਦੀ ਚੁੱਪ ਨਾਲੋਂ ਗੰਭੀਰ ਤੇ ਅਸੀਮ ਹੈ।
"ਤੁਸੀ ਆਪਣੇ ਅੰਦਰ ਦੀ ਭਰਪੂਰ ਖੂਬਸੂਰਤੀ ਵਲ ਝਾਤੀ ਮਾਰੋ, ਜੋ ਸਾਰੀਆਂ ਖੂਬਸੂਰਤ ਚੀਜ਼ਾਂ ਨਾਲੋਂ ਵਧੇਰੇ ਮਨਮੋਹਕ ਹੈ, ਗੀਤ ਜੋ ਸਾਗਰ ਦੇ ਗੀਤਾਂ ਨਾਲੋਂ ਵੀ ਵਿਸ਼ਾਲ ਹੈ ਅਤੇ ਜੰਗਲ ਇੰਜ ਜਾਪਦਾ ਹੈ ਜਿਵੇਂ ਦੁਨੀਆ ਦਾ ਬਾਦਸ਼ਾਹ ਤਖ਼ਤ ਉੱਤੇ ਬੈਠਾ ਹੋਵੇ ਤੇ ਉਸ ਦੇ ਹੱਥ ਵਿਚ ਰਾਜਦੰਡ ਹੋਵੇ, ਜਿਸ ਦੀਆਂ ਨਜ਼ਰਾਂ ਵਿਚ ਸਪਤ ਰਿਸ਼ੀ ਇਕ ਪੀੜ੍ਹਾ ਹੈ ਤੇ ਉਸ ਦੀ ਹੋਂਦ ਤ੍ਰੇਲ ਤੁਪਕੇ ਦੀ ਚਮਕ ਤੋਂ ਵੱਧ ਕੁਝ ਵੀ ਨਹੀਂ।