ਆਉਣਗੀਆਂ, ਰੇਗਿਸਤਾਨ ਵਿਚ ਹਰ ਰਸਤਾ ਦੂਸਰੇ ਨੂੰ ਕੱਟੇਗਾ, ਜਿਥੇ ਸ਼ੇਰ ਤੇ ਖ਼ਰਗੋਸ਼ ਅਤੇ ਭੇਡਾਂ ਤੇ ਭੇੜੀਏ ਘੁੰਮਦੇ ਹੋਏ ਨਜ਼ਰ ਆਉਣਗੇ।
"ਉਸ ਵੇਲੇ ਮੇਰੀ ਇਹ ਗੱਲ ਯਾਦ ਰੱਖਣਾ, ਮੈਂ ਤੁਹਾਨੂੰ ਕੁਝ ਦੇਣਾ ਨਹੀਂ ਸਗੋਂ ਲੈਣਾ ਸਿਖਾਇਆ ਹੈ; ਇਨਕਾਰ ਦੀ ਨਹੀਂ ਸਗੋਂ ਪੂਰਤੀ ਦੀ ਸਿੱਖਿਆ ਦਿੱਤੀ, ਤੁਹਾਨੂੰ ਆਤਮ ਸਮਰਪਣ ਨਹੀਂ ਸਗੋਂ ਸਮਝਣ ਤੇ ਸਹਿਮਤ ਹੋਣ ਦੀ ਸਿੱਖਿਆ ਦਿੱਤੀ; ਪਰ ਹਰ ਹਾਲ ਵਿਚ ਤੁਹਾਡੇ ਹੋਠਾਂ ਉੱਤੇ ਮੁਸਕਾਨ ਹੋਵੇ।
"ਮੈਂ ਤੁਹਾਨੂੰ ਮੌਨ ਰਹਿਣ ਲਈ ਨਹੀਂ ਸਗੋਂ ਗੀਤ ਗਾਉਣ ਦੀ ਸਿੱਖਿਆ ਦੇਂਦਾ ਹਾਂ ਬਸ਼ਰਤੇ ਕਿ ਉਹ ਗੀਤ ਬਹੁਤ ਉੱਚੀ ਆਵਾਜ਼ ਵਿਚ ਨਾ ਗਾਇਆ ਜਾਵੇ।
"ਮੈਂ ਤੁਹਾਨੂੰ ਤੁਹਾਡੇ ਵਿਸ਼ਾਲ ਆਪੇ ਦੀ ਸਿੱਖਿਆ ਦਿੰਦਾਂ ਹਾਂ ਜਿਸ ਦੇ ਕਲਾਵੇ ਵਿਚ ਸਾਰੀ ਮਨੁੱਖਤਾ ਆ ਜਾਂਦੀ ਹੈ।”
ਉਹ ਆਪਣੀ ਥਾਂ ਤੋਂ ਉਠਿਆ ਤੇ ਸਿੱਧਾ ਬਾਗ਼ ਵਿਚ ਚਲਾ ਗਿਆ ਅਤੇ ਸਰੂ ਦੇ ਦਰੱਖ਼ਤ ਦੇ ਸਾਏ ਹੇਠ ਟਹਿਲਣ ਲੱਗਾ ਕਿਉਂਕਿ ਹੁਣ ਦਿਨ ਢਲ ਰਿਹਾ ਸੀ। ਉਸ ਦੇ ਚੇਲੇ ਉਸ ਤੋਂ ਥੋੜ੍ਹੇ ਜਿਹੇ ਫ਼ਾਸਲੇ 'ਤੇ ਪਿੱਛੇ ਪਿੱਛੇ ਹੀ ਆ ਗਏ, ਕਿਉਂਕਿ ਉਹਨਾਂ ਦੇ ਮਨ ਭਰ ਆਏ ਤੇ ਜੀਭ ਤਾਲੂ ਨਾਲ ਜੁੜ ਗਈ ਸੀ, ਉਹ ਸਾਰੇ ਹੀ ਹੈਰਾਨ ਸਨ।
ਕੇਵਲ ਕਰੀਮਾ ਜੋ ਉਸ ਦੇ ਨਾਲ ਆਈ ਸੀ ਪਰ ਪਿੱਛੇ ਰਹਿ ਗਈ ਸੀ, ਉਸ ਦੇ ਕੋਲ ਆ ਕੇ ਕਹਿਣ ਲੱਗੀ, "ਮਾਲਕ ਮੇਰੀ ਤੀਬਰ ਇੱਛਾ ਹੈ ਕਿ ਤੁਸੀ ਮੈਨੂੰ ਅਗਲੇ ਦਿਨ ਦੇ ਸਫ਼ਰ ਲਈ ਭੋਜਨ ਤਿਆਰ ਕਰਨ ਦੀ ਇਜਾਜ਼ਤ ਦਿਓ।”
ਅਲਮੁਸਤਫ਼ਾ ਨੇ ਉਸ ਵਲ ਇੰਜ ਵੇਖਿਆ ਜਿਵੇਂ ਉਸ ਨੂੰ ਇਸ ਦੁਨੀਆ ਤੋਂ ਇਲਾਵਾ ਹੋਰ ਦੁਨੀਆ ਦਾ ਝਾਉਲਾ ਪਿਆ ਹੋਵੇ, ਉਹ ਹੌਂਸਲਾ ਕਰ ਕੇ ਉਸ ਨੂੰ ਕਹਿਣ ਲੱਗਾ, "ਮੇਰੀਏ ਭੈਣੇ, ਮੇਰੀ ਪਿਆਰੀ ਭੈਣ, ਇਹ ਨਿਸ਼ਚਿਤ ਹੋ ਚੁੱਕਾ ਹੈ ਸਮੇਂ ਦੀ ਸ਼ੁਰੂਆਤ ਤੋਂ ਪਹਿਲਾਂ ਤੋਂ ਹੀ। ਰੋਟੀ ਤੇ ਸ਼ਰਾਬ ਤਿਆਰ ਹੈ ਸਾਡੇ ਕਲ ਵਾਸਤੋ, ਬੀਤੇ ਕਲ ਵਾਸਤੇ ਤੇ ਅੱਜ ਵਾਸਤੇ ਵੀ।