19
ਅਤੇ ਹੁਣ ਰਾਤ ਢਲ ਚੁੱਕੀ ਸੀ।
ਉਹ ਪਹਾੜੀਆਂ ਉੱਤੇ ਪੁੱਜ ਗਿਆ ਸੀ । ਉਸ ਦੇ ਕਦਮ ਉਸ ਨੂੰ ਧੁੰਦ ਵਲ ਲੈ ਗਏ, ਉਹ ਚਟਾਨਾਂ ਵਿਚਕਾਰ ਖਲੋ ਗਿਆ ਅਤੇ ਹੁਣ ਚਿੱਟੇ ਸਰੂ ਦੇ ਦਰੱਖ਼ਤ ਸਭ ਦੀਆਂ ਅੱਖਾਂ ਤੋਂ ਓਹਲੇ ਸਨ; ਉਹ ਆਪਣੇ ਆਪ ਨੂੰ ਸੰਬੋਧਨ ਕਰ ਕੇ ਕਹਿਣ ਲੱਗਾ : “ਓ ਧੁੰਦ, ਮੇਰੀ ਭੈਣ, ਇਹ ਚਲਦਾ ਸਾਹ ਹਾਲਾਂ ਸਾਂਚੇ ਵਿਚ ਢਲਿਆ ਨਹੀਂ;
ਮੈਂ ਇਹ ਚਲਦੇ ਬੇਆਵਾਜ਼ ਸਾਹ ਤੈਨੂੰ ਵਾਪਸ ਮੋੜਦਾ ਹਾਂ, ਹਾਲਾਂ ਇਕ ਵੀ ਸ਼ਬਦ ਮੂੰਹੋਂ ਨਹੀਂ ਨਿਕਲਿਆ।
“ਓ ਧੁੰਦ, ਉਡਦੀ ਹੋਈ ਮੇਰੀ ਧੁੰਦ ਭੈਣ, ਹੁਣ ਅਸੀ ਇਕ-ਮਿੱਕ ਹੋ ਗਏ ਹਾਂ, ਅਤੇ ਜੀਵਨ ਦੇ ਅਗਲੇ ਦਿਨ ਤਕ ਅਸੀ ਇਕੱਠੇ ਰਹਾਂਗੇ, ਜਿਸ ਦੀ ਪ੍ਰਭਾਤ ਤੈਨੂੰ ਆਪਣੇ ਵਿਚ ਸਮੋ ਲਵੇਗੀ ਤੇ ਬਾਗ਼ ਵਿਚ ਰਹਿ ਜਾਣਗੇ ਤ੍ਰੇਲ ਤੁਪਕੇ, ਅਤੇ ਮੈਨੂੰ ਵੀ ਜਿਵੇਂ ਇਕ ਬੱਚਾ ਮਾਂ ਦੀ ਛਾਤੀ ਨਾਲ ਲੱਗਾ ਹੋਵੇ, ਅਸੀ ਅਮਰ ਹੋ ਜਾਵਾਂਗੇ। “ਓ ਧੁੰਦ, ਮੇਰੀ ਭੈਣ, ਮੈਂ ਵਾਪਸ ਆ ਗਿਆ ਹਾਂ, ਡੂੰਘਾਈਆਂ ਵਿਚ ਦਿਲ ਦੀ ਧੜਕਣ ਸੁਣਨ ਲਈ ਤੇਰੇ ਦਿਲ ਵਾਂਗ, ਇਕ ਇੱਛਾ ਉਦੇਸ਼ ਰਹਿਤ ਟੀਸ ਪੈਦਾ ਕਰਦੀ ਹੈ।