ਜੰਗਲ ਵਿਚ ਆਸ਼ਕਾਂ ਦੇ ਮਿਲਣ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤੇ ਨਾ ਹੀ ਉਨ੍ਹਾਂ ਸੂਹੀਆਂ ਨੂੰ ਕੋਈ ਦੋਸ਼ ਦਿੰਦਾ ਹੈ। ਸੋਹਣਾ ਮ੍ਰਿਗ ਆਪਣੀ ਮੂਨ ਦੀ ਪ੍ਰੀਤ ਦਾ ਸੁਆਗਤ ਕਰਦਾ ਹੈ। ਉਕਾਬ ਕਦੀ ਆਪਣਾ ਰੋਅਬ ਨਹੀਂ ਦਿਖਾਉਂਦਾ ਤੇ ਨਾ ਹੀ ਕਹਿੰਦਾ ਹੈ ਕਿ ਮੈਂ ਕੋਈ ਚਮਤਕਾਰ ਦਿਖਾ ਰਿਹਾ ਹਾਂ। ਅਸੀਂ ਕੁਦਰਤ ਦੇ ਬੱਚੇ ਨਿਰਮਲ-ਚਿਤ ਵਾਲੇ ਨਿਰਛਲ ਬੱਚੇ ਹਾਂ। ਮੈਨੂੰ ਵੰਝਲੀ ਦਿਉ ਤੇ ਗਾਉਣ ਦਿਉ।
***
ਧਰਮ
ਸ਼ੇਖ਼- ਧਰਮ ਇਕ ਚੰਗੀ ਤਰ੍ਹਾਂ ਵਾਹੀ ਬੀਜੀ ਖੇਤੀ ਦੇ ਸਮਾਨ ਹੈ। ਸੁਰਗ ਦੇ ਅਭਿਲਾਸ਼ੀ ਤੇ ਨਰਕ ਭੈ-ਭੀਤ ਪ੍ਰਾਣੀ ਦੀ ਮਰਜ਼ੀ ਨਾਲ ਇਹ ਬਿਜਾਈ ਹੋਈ ਹੈ, ਇਹ ਜੀਵਨ-ਉਸਾਰੀ ਤੋਂ ਇਲਾਵਾ ਕੁਝ ਵੀ ਨਹੀਂ। ਨਾ ਇਨ੍ਹਾਂ ਨਿਭਾਗਿਆਂ ਨੇ ਇਸ਼ਟ ਪੂਜਾ ਕੀਤੀ ਤੇ ਨਾ ਹੀ ਪ੍ਰਾਸ਼ਚਿਤ ਹੀ ਕੀਤਾ। ਇਨ੍ਹਾਂ ਤਾਂ ਰੋਜ਼ਾਨਾ ਵਿਹਾਰ ਵਿਚ ਧਰਮ ਨੂੰ ਇਕ ਤਰ੍ਹਾਂ ਦਾ 'ਵਪਾਰ' ਹੀ ਬਣਾ ਲਿਆ ਜਿਸ ਤੋਂ ਵਧ ਲਾਹਾ ਲਿਆ ਜਾਵੇ। ਕੀ ਹੁਣ ਉਹ ਇਸ ਧਰਮ ਨੂੰ ਤਿਲਾਂਜਲੀ ਦੇਣ ਜਾਂ ਇਸ ਤੋਂ ਫਿਰ ਕੋਈ ਨਫ਼ਾ ਖੱਟਣ ?
ਨੌਜੁਆਨ- ਕੁਦਰਤ ਦੇ ਜੰਗਲ ਵਿਚ ਨਾ ਕੋਈ ਆਸਤਿਕ ਹੈ ਨਾ ਨਾਸਤਿਕ ਅਤੇ ਨਾ ਹੀ ਕੋਈ ਕਿਸੇ ਹਜ਼ਰਤ ਮੁਹੰਮਦ ਜਾਂ ਹਜ਼ਰਤ ਈਸਾ ਦੇ ਧਰਮ-ਵਿਸ਼ੇਸ਼ ਦਾ ਮਹੱਤਵ ਹੈ। ਜਦੋਂ ਪੰਛੀ ਮਿੱਠੀ ਸੁਰ ਵਿਚ ਗਾਉਂਦੇ ਹਨ ਤਾਂ ਉਸ ਰਸੀਲੀ ਸੁਰ ਨਾਲ ਆਤਮਾ ਨੂੰ ਸੰਤੁਸ਼ਟੀ ਮਿਲਦੀ ਹੈ। ਮੈਨੂੰ ਵੰਝਲੀ ਦਿਉ ਤੇ ਗਾਉਣ ਦਿਉ। ਪ੍ਰਾਰਥਨਾ ਮੇਰਾ ਗੀਤ ਹੈ ਤੇ ਪ੍ਰੇਮ ਹੀ ਮੇਰਾ ਸਾਜ਼। ਵੰਝਲੀ ਦੀ ਧੁਨ ਸਭ ਦਾ ਸੰਤਾਪ ਮਿਟਾਏਗੀ।