ਅਤੇ ਉਹ ਸਾਡੇ ਪਿਆਰਾਂ ਨਾਲ ਰਚੇ ਹੋਏ ਹਰ ਗੀਤ ਨੂੰ ਅਨੰਤ ਦੇ ਬਹਿਸ਼ਤਾਂ ਵਿਚ ਮੰਡਰਾਂਦੀਆਂ ਆਤਮਾਵਾਂ ਦੇ ਕੰਨਾਂ ਵਿਚ ਪਾਉਂਦੇ।
"ਆਉਣ ਵਾਲੇ ਸਮੇਂ ਸੰਸਾਰ ਵਿਚ, ਅਸੀਂ ਆਪਣੀਆਂ ਭਾਵਨਾਵਾਂ ਦੀਆਂ ਤਰੰਗਾਂ ਅਤੇ ਦਿਲਾਂ ਦੀ ਗਤੀ ਨੂੰ ਵੇਖਾਂਗੇ ਅਤੇ ਮਹਿਸੂਸ ਕਰਾਂਗੇ। ਅਸੀ ਆਪਣੇ ਅੰਤਰੀਵ ਦੀ ਦੈਵੀ ਸ਼ਕਤੀ ਦੇ ਅਰਥ ਸਮਝ ਜਾਵਾਂਗੇ ਜਿਸਨੂੰ ਅਸੀਂ ਨਿਰਾਸ਼ਾ ਵਿਚ ਉਲਝੇ ਹੋਣ ਕਾਰਨ ਘ੍ਰਿਣਾ ਕਰਦੇ ਹਾਂ।
"ਹਰ ਉਹ ਕਰਮ ਜਿਸਨੂੰ ਅਜ ਅਸੀਂ ਗੁਨਾਹ ਦੇ ਅਹਿਸਾਸ ਨਾਲ ਕਮਜੋਰੀ ਕਹਿੰਦੇ ਹਾਂ ਕਲ੍ਹ ਨੂੰ ਉਹੀ ਕਰਮ ਮਨੁੱਖ ਦੀ ਸੰਪੂਰਣਤਾ ਵਿਚ ਇਕ ਲਾਜ਼ਮੀ ਕੜੀ ਸਾਬਤ ਹੋਵੇਗਾ।
“ਉਹ ਮੁਸੀਬਤਾਂ ਭਰੇ ਕੰਮ ਜਿਹਨਾਂ ਦਾ ਸਾਨੂੰ ਕੋਈ ਇਵਜਾਨਾ ਨਹੀਂ ਮਿਲਦਾ, ਸਾਡੇ ਨਾਲ ਹੀ ਰਹਿਣਗੇ ਅਤੇ ਉਹੀ ਗੌਰਵਮਈ ਸਾਬਤ ਹੋਣ ਦੇ ਨਾਲ ਨਾਲ ਸਾਡੀ ਸ਼ਾਨ ਸ਼ੌਕਤ ਨੂੰ ਵੀ ਉਭਾਰਣਗੇ ਅਤੇ ਜਿਹੜੀਆਂ ਔਕੜਾਂ ਅਸੀਂ ਸਹਿਣ ਕੀਤੀਆਂ ਸਾਡੇ ਲਈ ਮਾਨ- ਸਨਮਾਨ ਤੇ ਸਿਰ ਦਾ ਤਾਜ ਬਨਣਗੀਆਂ ।
ਇਹ ਲਫ਼ਜ਼ ਕਹਿ ਕੇ ਉਹ ਚੇਲਾ ਭੀੜ ਵਿਚੋਂ ਅਲੋਪ ਹੋਣ ਅਤੇ ਸਾਰੇ ਦਿਨ ਦੀ ਬਕਾਵਟ ਤੋਂ ਜਿਸਮ ਨੂੰ ਆਰਾਮ ਦੇਣ ਲਗਿਆ ਹੀ ਸੀ, ਜਦੋਂ ਉਸ ਵੇਖਿਆ ਕਿ ਇਕ ਨੌਜੁਆਨ ਖੁਬਸੂਰਤ ਪਿਆਰੀ ਜਿਹੀ ਲੜਕੀ ਵਲ ਘਬਰਾਈਆਂ ਹੋਈਆਂ ਨਜ਼ਰਾਂ ਨਾਲ ਵੇਖ ਰਿਹਾ ਸੀ।
ਚੇਲਾ ਉਸ ਨੌਜੁਆਨ ਨੂੰ ਸੰਬੋਧਨ ਕਰਦੇ ਹੋਏ ਕਹਿਣ ਲਗਾ
"ਕੀ ਤੂੰ ਬਹੁਤ ਸਾਰੇ ਧਰਮਾਂ ਤੋਂ ਦੁਖੀ ਏ ਜਿਨ੍ਹਾਂ ਦਾ ਮਨੁੱਖਤਾ ਨੇ ਪ੍ਰਚਾਰ ਕੀਤਾ? ਕੀ ਤੂੰ ਵਿਵਾਦਗ੍ਰਸਤ ਵਿਸ਼ਵਾਸਾਂ ਦੀ ਘਾਟੀ ਵਿਚ ਗੁੰਮ ਹੋ ਗਿਆ ਏ। ਕੀ ਤੂੰ ਸੋਚਦਾ ਏਂ ਕਿ ਅਧਰਮ ਦੀ ਆਜ਼ਾਦੀ ਤਾਬੇਦਾਰੀ ਦੇ ਜੂਲੇ ਨਾਲੋਂ ਘਟ ਭਾਰੀ ਹੈ ਅਤੇ ਵਿਰੋਧ ਕਰਨ ਦੀ ਆਜਾਦੀ ਰਜ਼ਾਮੰਦੀ ਦੀ ਢਾਲ ਨਾਲੋਂ ਵਧੇਰੇ ਮਜਬੂਤ ਸਹਾਰਾ ਦੇਣ ਵਾਲੀ ਹੈ?