ਅੱਲਮੁਹਤੱਦਾ ਆਪਣੇ ਮਾਲਕ ਦੀਆਂ ਲਿਖਤਾਂ ਦੇ ਅਧਿਅਨ ਵਿਚ ਰੁਝ ਗਿਆ, ਆਪਣੇ ਅਤੇ ਆਪਣੇ ਆਲੇ ਦੁਆਲੇ ਤੋਂ ਨਿਰਲੇਪ ਅਤੇ ਉਹਨਾਂ ਸਭਨਾਂ ਤੋਂ ਬੇਲਾਗ ਜਿਹਨਾਂ ਨੇ ਉਸਨੂੰ ਬੈਰੂਤ ਦੀਆਂ ਗਲੀਆਂ ਤੇ ਚੌਰਾਹਿਆਂ ਵਿਚ ਬੋਲਦੇ ਸੁਣਿਆ ਸੀ।
ਉਸਦੇ ਪ੍ਰਸ਼ੰਸਕਾਂ, ਜੋ ਉਸ ਨਾਲ ਬਹੁਤ ਜੁੜੇ ਹੋਏ ਸਨ, ਨੇ ਉਸ ਤੱਕ ਪਹੁੰਚਣ ਦੀ ਅਸਫਲ ਕੋਸ਼ਿਸ਼ ਕੀਤੀ। ਇਥੋਂ ਤਕ ਕਿ ਜਦੋਂ ਮਾਊਂਟ ਲੈਬਨਾਨ ਦੇ ਗਵਰਨਰ ਨੇ ਉਸਨੂੰ ਬੁਲਾ ਭੇਜਿਆ ਕਿ ਉਹ ਅਜ ਰਾਜ ਦੇ ਅਧਿਕਾਰੀਆਂ ਨੂੰ ਸੰਬੋਧਨ ਕਰੇ, ਉਸਨੇ ਇਹ ਕਹਿਕੇ ਨਾਂਹ ਕਰ ਦਿਤੀ, "ਮੈਂ ਤੁਹਾਡੇ ਕੋਲ ਛੇਤੀ ਹੀ ਪਰਤਾਂਗਾ, ਸਾਰੀ ਜਨਤਾ ਲਈ ਵਿਸ਼ੇਸ਼ ਸੁਨੇਹਾ ਲੈ ਕੇ।"
ਗਵਰਨਰ ਨੇ ਹੁਕਮ ਕੀਤਾ ਕਿ ਜਿਸ ਦਿਨ ਅੱਲਮੁਹਤੱਦਾ ਲੋਕਾਂ ਸਾਹਮਣੇ ਆਏਗਾ ਤੇ ਸੰਬੋਧਨ ਕਰੇਗਾ, ਸਾਰੇ ਨਾਗਰਿਕ ਆਪਣੇ ਆਪਣੇ ਘਰਾਂ, ਚਰਚਾਂ, ਮਸਜਿਦਾਂ, ਪੂਜਾ ਘਰਾਂ ਅਤੇ ਸਾਹਿਤਕ ਸਥਾਨਾਂ ਵਿਚ ਉਸਨੂੰ ਜੀ ਆਇਆਂ ਕਹਿਕੇ ਮਾਨ ਕਰਨਗੇ ਅਤੇ ਉਸਦੇ ਲਫ਼ਜ਼ਾ ਨੂੰ ਇਜ਼ਤ ਮਾਣ ਨਾਲ ਸੁਣਨਗੇ ਕਿਉਂਕਿ ਉਸਦੀ ਆਵਾਜ਼ ਪੈਗੰਬਰ ਦੀ ਆਵਾਜ਼ ਹੋਵੇਗੀ।
ਜਿਸ ਦਿਨ ਅੱਲਮੁਹਤੱਦਾ ਆਪਣਾ ਮਿਸ਼ਨ ਸ਼ੁਰੂ ਕਰਨ ਲਈ ਇਕਾਂਤਵਾਸ ਵਿਚੋਂ ਬਾਹਰ ਨਿਕਲਿਆ ਉਹ ਦਿਨ ਸਾਰਿਆਂ ਲਈ ਖੁਸ਼ੀਆਂ ਤੇ ਤਿਉਹਾਰ ਦਾ ਦਿਨ ਹੋ ਨਿਬੜਿਆ। ਅੱਲਮੁਹਤੱਦਾ ਖੁਲ੍ਹ ਕੇ ਬਿਨਾਂ ਕਿਸੇ ਰੋਕ ਟੋਕ ਤੋਂ ਬੋਲਿਆ। ਉਸਨੇ ਪਿਆਰ ਅਤੇ ਭਰਾਤਰੀ ਭਾਵ ਦਾ ਸੁਨੇਹਾ ਦਿੱਤਾ। ਕਿਸੇ ਨੇ ਉਸਨੂੰ ਦੇਸ਼ ਨਿਕਾਲੇ ਜਾਂ ਧਰਮ/ ਚਰਚ ਵਿਚੋਂ ਛੇਕਣ ਦੀ ਧਮਕੀ ਦੇਣ ਦਾ ਹੌਂਸਲਾ ਨਾ ਕੀਤਾ। ਕਿਵੇਂ ਆਪਣੇ ਮਾਲਕ ਦੀ ਤਕਦੀਰ ਤੋਂ ਉਲਟ ਗਲ ਹੋਈ ਕਿ ਮੁਆਫੀ ਦੇਣ ਅਤੇ ਵਾਪਿਸ ਬੁਲਾਉਣ ਤੋਂ ਪਹਿਲਾਂ ਜਿਸਨੂੰ ਛੇਕਣ ਤੇ ਬੇਦਖ਼ਲ ਕਰਨ ਦਾ ਫ਼ੈਸਲਾ ਕਰ ਦਿਤਾ ਗਿਆ ਸੀ।
ਅੱਲਮੁਹਤੱਦਾ ਦੇ ਵਿਚਾਰਾਂ ਨੂੰ ਸਾਰੇ ਲੈਬਨਾਨ ਨੇ ਸੁਣਿਆ।