ਮੇਰੇ ਵੀਰ, ਮੈਂ ਤੈਨੂੰ ਇਕ ਖੂਬਸੂਰਤ ਔਰਤ ਉਤੇ ਮੋਹਿਤ ਹੁੰਦਾ ਅਤੇ ਉਸਦੀ ਖੂਬਸੂਰਤੀ ਦੇ ਕਦਮਾਂ ਵਿਚ ਆਪਣਾ ਦਿਲ ਨਿਛਾਵਰ ਕਰਦੇ ਹੋਏ ਵੇਖਿਆ ਹੈ। ਜਦੋਂ ਮੈਂ ਉਸਨੂੰ ਤੇਰੇ ਵਲ ਮਾਸੂਮੀਅਤ ਅਤੇ ਮਾਤਰੀ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦੇ ਹੋਏ ਵੇਖਿਆ ਤਾਂ ਮੇਰੇ ਮਨ ਨੇ ਕਿਹਾ, "ਪਿਆਰ ਅਮਰ ਰਹੇ ਜਿਸਨੇ ਇਸ ਵਿਅਕਤੀ ਨੂੰ ਇਕਾਂਤ ਤੋਂ ਮੁਕਤੀ ਦਿਵਾਈ ਅਤੇ ਉਸਦੇ ਦਿਲ ਨੂੰ ਕਿਸੇ ਹੋਰ ਦੇ ਦਿਲ ਨਾਲ ਜੋੜਿਆ ਹੈ।"
ਫਿਰ ਵੀ ਜਦੋਂ ਮੈਂ ਦੁਬਾਰਾ ਵੇਖਿਆ ਤਾਂ ਮੈਨੂੰ ਤੇਰੇ ਪਿਆਰ ਭਰੇ ਦਿਲ ਦੇ ਅੰਦਰ ਇਕ ਹੋਰ ਸੁੰਨੇ ਦਿਲ ਦੇ ਦਰਸ਼ਨ ਹੋਏ ਜੋ ਇਕ ਔਰਤ ਸਾਹਵੇਂ ਆਪਣੇ ਦਿਲ ਦੇ ਭੇਦ ਖੋਹਲਣ ਦੇ ਬੇਕਾਰ ਯਤਨ ਕਰ ਰਿਹਾ ਤੇ ਕੁਰਲਾ ਰਿਹਾ ਹੋਵੇ, ਅਤੇ ਤੇਰੀ ਪਿਆਰ ਭਰੀ ਰੂਹ ਦੇ ਪਿਛੇ ਇਕ ਹੋਰ ਇਕਾਂਤ ਰੂਹ ਬੇਕਾਰ ਯਤਨ ਕਰਦੀ ਦਿਖਾਈ ਦਿਤੀ ਜੋ ਅਵਾਰਾ ਬੱਦਲ ਨੂੰ ਤੇਰੀ ਪ੍ਰੇਮਿਕਾ ਦੀਆਂ ਅੱਖਾਂ ਵਿਚ ਹੰਝੂ ਦੇ ਤੁਪਕੇ ਬਣਾ ਸਕੇ।
ਤੇਰੀ ਜ਼ਿੰਦਗੀ, ਮੇਰੇ ਵੀਰ, ਅਜਿਹਾ ਇਕਾਂਤਵਾਸ ਹੈ ਜੋ ਦੂਸਰੇ ਮਨੁੱਖਾਂ ਦੀ ਰਿਹਾਇਸ਼ ਤੋਂ ਅੱਡ ਕਰ ਦਿਤਾ ਗਿਆ ਹੈ। ਇਹ ਅਜਿਹਾ ਘਰ ਹੈ ਜਿਸ ਅੰਦਰ ਝਾਤੀ ਮਾਰ ਕੇ ਕੋਈ ਗੁਆਂਢੀ ਝਾਕ ਨਹੀਂ ਸਕਦਾ। ਜੇ ਇਹ ਹਨੇਰੇ ਵਿਚ ਡੁੱਬ ਜਾਏ, ਤੇਰੇ ਗੁਆਂਢੀ ਦੀ ਲੈਂਪ ਇਸਨੂੰ ਰੁਸ਼ਨਾ ਨਾ ਸਕੇ। ਜੇ ਇਹ ਸਾਰੇ ਸਮਾਨ ਤੋਂ ਖਾਲੀ ਹੋ ਜਾਵੇ ਤਾਂ ਤੇਰੇ ਗੁਆਂਢੀ ਦੇ ਭਰੇ ਹੋਏ ਗੁਦਾਮ ਵੀ ਇਸ ਨੂੰ ਭਰ ਨਾ ਸੱਕਣ। ਜੇ ਇਹ ਰੇਗਿਸਤਾਨ ਵਿਚ ਖੜਾ ਹੋਵੇ ਤਾਂ ਤੂੰ ਇਸਨੂੰ ਦੂਸਰੇ ਵਿਅਕਤੀ ਦੇ ਮਿਹਨਤ ਨਾਲ ਬਣਾਏ ਸੰਵਾਰੇ ਬਾਗ਼ ਵਿਚ ਲਿਜਾ ਨਾ ਸਕੇਂ। ਜੇ ਇਹ ਪਹਾੜ ਦੀ ਟੀਸੀ ਉਤੇ ਖੜਾ ਹੈ ਤਾਂ ਤੂੰ ਇਸਨੂੰ ਹੇਠਾਂ ਘਾਟੀ 'ਤੇ ਉਤਾਰ ਨਾ ਸਕੇਂ ਜਿਸ ਉਤੋਂ ਅਨੇਕਾਂ ਮਨੁੱਖ ਲੰਘ ਰਹੇ ਹੋਣ।